ਆਤਿਸ਼ ਗੁਪਤਾ
ਚੰਡੀਗੜ੍ਹ, 25 ਜੂਨ
ਪੰਜਾਬ ਵਿੱਚ ਅੱਜ ਸਾਰਾ ਦਿਨ ਗਰਮੀ ਦਾ ਕਹਿਰ ਜਾਰੀ ਰਿਹਾ, ਜਿਸ ਕਰਕੇ ਤਾਪਮਾਨ ਆਮ ਨਾਲੋਂ 5.8 ਡਿਗਰੀ ਸੈਲਸੀਅਸ ਤੱਕ ਵੱਧ ਦਰਜ ਕੀਤਾ ਗਿਆ। ਗਰਮੀ ਦਾ ਕਹਿਰ ਸੂਬੇ ਵਿੱਚ ਦੋ ਦਿਨ ਹੋਰ ਜਾਰੀ ਰਹੇਗਾ। ਉਸ ਮਗਰੋਂ ਮੌਸਮ ਦਾ ਮਿਜ਼ਾਜ ਬਦਲਣ ਕਰਕੇ ਲੋਕਾਂ ਨੂੰ ਅਤਿ ਦੀ ਗਰਮੀ ਤੋਂ ਰਾਹਤ ਮਿਲ ਸਕੇਗੀ। ਅੱਜ ਪੰਜਾਬ ਦਾ ਫਰੀਦਕੋਟ ਸ਼ਹਿਰ ਸਭ ਤੋਂ ਗਰਮ ਰਿਹਾ ਹੈ, ਜਿਥੇ ਵੱਧ ਤੋਂ ਵੱਧ ਤਾਪਮਾਨ 44.4 ਡਿਗਰੀ ਸੈਲਸੀਅਸ ਦਰਜ ਕੀਤਾ ਹੈ। ਇਸੇ ਤਰ੍ਹਾਂ ਘੱਟ ਤੋਂ ਘੱਟ ਤਾਪਮਾਨ 30 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ 28 ਜੂਨ ਤੋਂ ਮੌਨਸੂਨ ਦੀ ਆਮਦ ਦੇ ਨਾਲ ਹੀ ਤੇਜ਼ ਹਵਾਵਾਂ ਚੱਲਣ ਦੇ ਨਾਲ ਮੀਂਹ ਪੈ ਸਕਦਾ ਹੈ, ਜਿਸ ਨਾਲ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਜਾਵੇਗੀ।
ਸੂਬੇ ਵਿੱਚ ਅਤਿ ਦੀ ਗਰਮੀ ਪੈਣ ਕਰਕੇ ਲੋਕ ਘਰਾਂ ਵਿੱਚੋਂ ਘੱਟ ਗਿਣਤੀ ਵਿੱਚ ਹੀ ਬਾਹਰ ਨਿਕਲਦੇ ਦਿਖਾਈ ਦਿੱਤੇ। ਬਾਹਰ ਨਿਕਲਣ ਵਾਲੇ ਰਾਹਗੀਰਾਂ ਵਿੱਚੋਂ ਬਹੁਤਿਆਂ ਨੇ ਆਪਣਾ ਸਿਰ-ਮੂੰਹ ਢਕਿਆ ਹੋਇਆ ਸੀ। ਉਧਰ, ਅਤਿ ਦੀ ਗਰਮੀ ਦੇ ਬਾਵਜੂਦ ਕਿਸਾਨਾਂ ਵੱਲੋਂ ਖੇਡਾਂ ਵਿੱਚ ਝੋਨੇ ਦੀ ਲੁਆਈ ਕੀਤੀ ਜਾ ਰਹੀ ਹੈ।
ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਚੰਡੀਗੜ੍ਹ ਦਾ ਵੱਧ ਤੋਂ ਵੱਧ ਤਾਪਮਾਨ 39.9 ਡਿਗਰੀ ਸੈਲਸੀਅਸ, ਅੰਮ੍ਰਿਤਸਰ ਵਿੱਚ 42.7, ਲੁਧਿਆਣਾ ਦਾ 41.7, ਪਟਿਆਲਾ ਵਿੱਚ 39.7, ਪਠਾਨਕੋਟ ਵਿੱਚ 41.4, ਬਠਿੰਡਾ ਹਵਾਈ ਅੱਡੇ ’ਤੇ 42.8, ਗੁਰਦਾਸਪੁਰ ਵਿੱਚ 43.5, ਨਵਾਂ ਸ਼ਹਿਰ ਵਿੱਚ 37.8, ਬਰਨਾਲਾ ਵਿੱਚ 39.7, ਫ਼ਤਹਿਗੜ੍ਹ ਸਾਹਿਬ ਵਿੱਚ 39.8, ਫਿਰੋਜ਼ਪੁਰ ਵਿੱਚ 39.9, ਮੁਹਾਲੀ ਵਿੱਚ 39.7, ਰੋਪੜ ਵਿੱਚ 39.2 ਅਤੇ ਜਲੰਧਰ ਵਿੱਚ 40.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।