ਅੰਮ੍ਰਿਤਸਰ: ਪੁਲੀਸ ਥਾਣਾ ਰਣਜੀਤ ਐਵੇਨਿਊ ਦੀ ਪੁਲੀਸ ਨੇ ਇਰਾਦਾ ਕਤਲ ਅਤੇ ਅਸਲਾ ਐਕਟ ਹੇਠ ਦਰਜ ਮਾਮਲੇ ਵਿੱਚ ਪੰਜ ਵਿਅਕਤੀਆਂ ਨੂੰ ਹਿਮਾਚਲ ਪ੍ਰਦੇਸ਼ ਦੇ ਡਲਹੌਜ਼ੀ ਤੋਂ ਗ੍ਰਿਫਤਾਰ ਕੀਤਾ ਹੈ। ਇਸ ਸਬੰਧ ਵਿੱਚ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਮੋਹਿਤ, ਵਿਵੇਕ ਖਜ਼ੂਰੀਆ ਉਰਫ ਬਾਊ, ਸੁਮਿਤ ਸ਼ਰਮਾ ਉਰਫ ਸੰਜੂ, ਸਾਹਿਲ ਖਜ਼ੂਰੀਆ ਅਤੇ ਵਿਕਰਮ ਖਜ਼ੂਰੀਆ ਵਜੋਂ ਹੋਈ ਹੈ। ਪੁਲੀਸ ਨੇ ਇਨ੍ਹਾਂ ਖਿਲਾਫ ਥਾਣਾ ਰਣਜੀਤ ਐਵੇਨਿਊ ਵਿਖੇ ਕੇਸ ਦਰਜ ਕੀਤਾ ਸੀ। ਪੁਲੀਸ ਦੇ ਡੀਸੀਪੀ ਅਭਿਮਨਿਓ ਰਾਣਾ ਨੇ ਦੱਸਿਆ ਕਿ ਇਸ ਸਬੰਧ ਵਿੱਚ ਨਵਚੇਤਨ ਸਿੰਘ ਵਾਸੀ ਈ ਬਲਾਕ ਰਣਜੀਤ ਐਵੇਨਿਊ ਦੀ ਸ਼ਿਕਾਇਤ ’ਤੇ ਪੁਲੀਸ ਨੇ 24 ਜੂਨ ਨੂੰ ਕੇਸ ਦਰਜ ਕੀਤਾ ਸੀ। ਸ਼ਿਕਾਇਤ ਕਰਤਾ ਨੇ ਦੋਸ਼ ਲਾਇਆ ਸੀ ਕਿ ਰੈਸਟੋਰੈਂਟ ਵਿੱਚ ਉਸ ਦੇ ਦੋਸਤਾਂ ਨੂੰ ਮਾਰਨ ਦੀ ਨੀਅਤ ਨਾਲ ਚਾਰ ਤੋਂ ਪੰਜ ਗੋਲੀਆਂ ਵੀ ਚਲਾਈਆਂ ਗਈਆਂ। -ਟਨਸ