ਗੁਰਬਖਸ਼ਪੁਰੀ
ਤਰਨ ਤਾਰਨ, 25 ਜੂਨ
ਕਸੂਰ ਬਰਾਂਚ ਲੋਅਰ (ਕੇਬੀਐੱਲ) ਨਹਿਰ ਵਿੱਚ ਅੱਜ ਅਚਾਨਕ ਪਿੰਡ ਲੌਹੁਕਾ ਨੇੜੇ ਪਾੜ ਪੈਣ ਕਾਰਨ ਲਗਪਗ 500 ਏਕੜ ਜ਼ਮੀਨ ਵਿੱਚ ਪਾਣੀ ਭਰ ਗਿਆ। ਖੇਤਾਂ ਵਿੱਚ ਪਾਣੀ ਭਰਨ ਕਾਰਨ ਚਾਰਾ ਤੇ ਝੋਨੇ ਦੀ ਪਨੀਰੀ ਖਰਾਬ ਹੋ ਗਈ। ਜ਼ਿਕਰਯੋਗ ਹੈ ਕਿ ਇਹ ਨਹਿਰ ਤਿੰਨ ਹਫਤੇ ਪਹਿਲਾਂ ਵੀ ਅੱਜ ਪਏ ਪਾੜ ਤੋਂ ਕੁਝ ਦੂਰੀ ’ਤੇ ਟੁੱਟ ਗਈ ਸੀ, ਜਿਸ ਨਾਲ ਉਸ ਵੇਲੇ ਸੁੱਕਾ ਚਾਰਾ, ਸਬਜ਼ੀਆਂ ਤੇ ਝੋਨੇ ਦੀ ਪਨੀਰੀ ਖਰਾਬ ਹੋ ਗਈ ਸੀ। ਦੂਜੇ ਪਾਸੇ ਇਸ ਨਹਿਰ ਵਿੱਚ ਵਾਰ ਵਾਰ ਪਾੜ ਪੈਣ ਕਾਰਨ ਕਿਸਾਨਾਂ ਨੇ ਅੱਜ ਤਰਨ ਤਾਰਨ-ਪੱਟੀ ਸੜਕ ’ਤੇ ਧਰਨਾ ਦੇ ਕੇ ਆਵਾਜਾਈ ਠੱਪ ਕਰ ਦਿੱਤੀ। ਇਸ ਦੌਰਾਨ ਕਿਸਾਨਾਂ ਨੇ ਚਿਤਾਵਨੀ ਦਿੱਤੀ ਕਿ ਪਾੜ ਪੂਰਨ ਤੱਕ ਉਹ ਧਰਨੇ ’ਤੇ ਰਹਿਣਗੇ| ਪਾੜ ਤੋਂ ਪ੍ਰਭਾਵਿਤ ਇਲਾਕੇ ਦੇ ਕਿਸਾਨ ਦਿਲਬਾਗ ਸਿੰਘ, ਹੀਰਾ ਸਿੰਘ, ਕੁਲਦੀਪ ਸਿੰਘ, ਚਰਨਜੀਤ ਸਿੰਘ, ਭਗਵੰਤ ਸਿੰਘ ਤੇ ਸੁਰਜੀਤ ਸਿੰਘ ਸਮੇਤ ਹੋਰਨਾਂ ਨੇ ਦੱਸਿਆ ਕਿ ਸਵੇਰੇ ਅੱਠ ਵਜੇ ਦੇ ਕਰੀਬ ਨਹਿਰ ’ਚ ਪਿਆ ਪਾੜ ਹੁਣ 200 ਫੁੱਟ ਤੋਂ ਜ਼ਿਆਦਾ ਚੌੜਾ ਹੋ ਗਿਆ ਹੈ ਜਿਹੜਾ ਹਰ ਪਲ ਵਧ ਰਿਹਾ ਹੈ|
ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਝੋਨੇ ਦੀ ਪਨੀਰੀ, ਸਬਜ਼ੀਆਂ ਅਤੇ ਚਾਰੇ ਦੀਆਂ ਫਸਲਾਂ ਖਰਾਬ ਹੋ ਗਈਆਂ ਸਨ। ਅਧਿਕਾਰੀ ਆਖਦੇ ਹਨ ਕਿ ਇਸ ਨਹਿਰ ਦੀ ਮੁਨਿਆਦ ਪੂਰੀ ਹੋ ਚੁੱਕੀ ਹੈ ਜਿਸ ਨੂੰ ਦੋਬਾਰਾ ਬਣਾਏ ਜਾਣ ਦੀ ਜ਼ਰੂਰਤ ਹੈ ਪਰ ਸਰਕਾਰ ਕੋਲ ਫੰਡਾਂ ਦੀ ਘਾਟ ਹੋਣ ਕਰਕੇ ਇਸ ਨਹਿਰ ਦਾ ਪੁਨਰ ਨਿਰਮਾਣ ਮੁਸ਼ਕਲ ਹੈ| ਕਿਸਾਨਾਂ ਦੋਸ਼ ਲਗਾਇਆ ਪੂਰਾ ਦਿਨ ਦੇ ਬੀਤਣ ’ਤੇ ਵੀ ਵਿਭਾਗ ਨੇ ਪਾੜ ਪੂਰਨ ਦਾ ਕੰਮ ਸ਼ੁਰੂ ਨਹੀਂ ਕੀਤਾ ਅਤੇ ਨਾ ਹੀ ਕੋਈ ਅਧਿਕਾਰੀ ਉਨ੍ਹਾਂ ਤੱਕ ਗੱਲਬਾਤ ਕਰਨ ਲਈ ਆਇਆ ਹੈ|
ਇਸ ਦੌਰਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਜਤਿੰਦਰ ਸਿੰਘ ਰਸੂਲਪੁਰ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਨਛੱਤਰ ਸਿੰਘ ਨੇ ਇਕ ਮਹੀਨੇ ਦੇ ਅੰਦਰ ਅੰਦਰ ਦੋ ਵਾਰ ਨਹਿਰ ਵਿੱਚ ਪਾੜ ਪੈਣ ਦੇ ਮਾਮਲੇ ਦੀ ਜਾਂਚ ਮੰਗੀ ਹੈ|
ਰਾਤੋ-ਰਾਤ ਪਾੜ ਪੂਰ ਦਿੱਤਾ ਜਾਵੇਗਾ: ਅਧਿਕਾਰੀ
ਨਹਿਰ ਦਾ ਪਾੜ ਪੂਰਨ ਸਬੰਧੀ ਕਾਰਵਾਈ ਸ਼ੁਰੂ ਨਾ ਹੋਣ ਗੱਲ ਨੂੰ ਸਵੀਕਾਰ ਕਰਦਿਆਂ ਸਿੰਜਾਈ ਵਿਭਾਗ ਦੇ ਨਿਗਰਾਨ ਇੰਜਨੀਅਰ ਕੁਲਵਿੰਦਰ ਸਿੰਘ ਨੇ ਕਿਹਾ ਕਿ 100 ਕਿਲੋਮੀਟਰ ਦੂਰੀ ਤੋਂ ਆ ਰਹੇ ਪਾਣੀ ਨੂੰ ਬੰਦ ਹੋਣ ਲਈ ਹੋਰ ਸਮਾਂ ਲੱਗੇਗਾ| ਅਧਿਕਾਰੀ ਨੇ ਕਿਹਾ ਕਿ ਵਿਭਾਗ ਨੇ ਸਾਮਾਨ ਮੰਗਵਾ ਲਿਆ ਹੈ ਅਤੇ ਰਾਤੋ-ਰਾਤ ਪਾੜ ਪੂਰ ਦਿੱਤਾ ਜਾਵੇਗਾ| ਉਧਰ ਸਿੰਜਾਈ ਵਿਭਾਗ ਵਲੋਂ ਪਾੜ ਪੂਰਨ ਲਈ ਮੰਗਵਾਈ ਨਰੇਗਾ ਲੇਬਰ ਅਧਿਕਾਰੀਆਂ ਦੀ ਉਡੀਕ ਕਰਦੀ ਰਹੀ ਪਰ ਦਿਨ ਭਰ ਕੋਈ ਅਧਿਕਾਰੀ ਮੌਕੇ ’ਤੇ ਨਹੀਂ ਆਇਆ।