ਸ਼ਗਨ ਕਟਾਰੀਆ
ਬਠਿੰਡਾ, 25 ਜੂਨ
ਬਾਦਲਾਂ ਦੇ ਜੱਦੀ ਪਿੰਡ ਘੁੱਦਾ ’ਚ ਭਾਵੇਂ ਉਪ ਮੰਡਲ ਪੱਧਰ ਦਾ ਸਿਵਲ ਹਸਪਤਾਲ ਹੈ ਪਰ ਇਥੇ ਚਿਰਾਂ ਤੋਂ ਲੋੜੀਂਦੇ ਅਮਲੇ ਦੀ ਅਣਹੋਂਦ ਕਾਰਣ ਇਹ ਆਪਣੇ ਹੋਣੀ ’ਤੇ ਹੰਝੂ ਕੇਰ ਰਿਹਾ ਹੈ। ਆਸ-ਪਾਸ ਦੇ ਕਰੀਬ ਦੋ ਦਰਜਨ ਪਿੰਡਾਂ ਦੇ ਲੋਕਾਂ ਦੀ ਸਿਹਤ ਦੀ ਜ਼ਾਮਨੀ ਭਰਨ ਵਾਲੇ ਇਸ ਸਿਹਤ ਕੇਂਦਰ ਨੂੰ ਹੁਣ ਖੁਦ ਇਲਾਜ ਦੀ ਜ਼ਰੂਰਤ ਹੈ। ਨੌਜਵਾਨ ਭਾਰਤ ਸਭਾ ਦੇ ਆਗੂ ਅਸ਼ਵਨੀ ਘੁੱਦਾ, ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਕੁਲਵੰਤ ਰਾਏ ਸ਼ਰਮਾ ਅਤੇ ਦਿਹਾਤੀ ਮਜ਼ਦੂਰ ਸਭਾ ਦੇ ਮਿੱਠੂ ਸਿੰਘ ਘੁੱਦਾ ਅਨੁਸਾਰ ਇਸ ਹਸਪਤਾਲ ਵਿੱਚ ਐੱਮਡੀ (ਮੈਡੀਸਨ), ਦੰਦਾਂ ਦੇ ਡਾਕਟਰ ਸਮੇਤ ਕਈ ਹੋਰ ਮਾਹਿਰ ਡਾਕਟਰਾਂ ਦੀਆਂ ਅਸਾਮੀਆਂ ਖਾਲੀ ਹਨ।
ਚੌਵੀ ਘੰਟੇ ਨਿਰਵਿਘਨ ਐਮਰਜੈਂਸੀ ਚਲਾਉਣ ਲਈ ਐੱਮਬੀਬੀਐੱਸ ਡਾਕਟਰਾਂ ਦੀਆਂ ਸੱਤ ਅਸਾਮੀਆਂ ਚਾਹੀਦੀਆਂ ਹਨ, ਪਰ ਇਥੇ ਸਿਰਫ ਦੋ ਹੀ ਹਨ। ਉੱਪਰੋਂ ਸਿਤਮਜ਼ਰੀਫ਼ੀ ਇਹ ਹੈ ਇਨ੍ਹਾਂ ਵਿੱਚੋਂ ਵੀ ਇੱਕ ਡਾਕਟਰ ਛੁੱਟੀ ’ਤੇ ਹੈ ਅਤੇ ਦੂਜੇ ਦੀ ਡਿਊਟੀ ਡੈਪੂਟੇਸ਼ਨ ’ਤੇ ਬਠਿੰਡਾ ਲੱਗੀ ਹੋਈ ਹੈ। ਐਮਰਜੈਂਸੀ ਲਈ ਕੋਈ ਵੀ ਡਾਕਟਰ ਨਹੀਂ, ਜਿਸ ਕਰ ਕੇ ਇਹ ਡਿਊਟੀ ਵੀ ਓਪੀਡੀ ਵਾਲੇ ਡਾਕਟਰ ਕਰਦੇ ਹਨ, ਜਿਸ ਕਾਰਨ ਓਪੀਡੀ ਸੇਵਾ ਪ੍ਰਭਾਵਿਤ ਹੁੰਦੀਆਂ ਹਨ।
ਇਸੇ ਤਰ੍ਹਾਂ ਰੈਗੂਲਰ ਸਟਾਫ਼ ਨਰਸਾਂ ਦੀਆਂ 10 ਪੋਸਟਾਂ ਹਨ, ਜੋ ਕਿ ਹਸਪਤਾਲ ਦੀ ਹੋਂਦ ਸਮੇਂ ਤੋਂ ਹੀ ਖਾਲੀ ਹਨ। ਐੱਨਆਰਐੱਚਐੱਮ ਨਰਸਾਂ ਦੀਆਂ ਵੀ ਦੋ ਪੋਸਟਾਂ ਖਾਲੀ ਹਨ। ਫਾਰਮਾਸਿਸਟ ਤੇ ਲੈਬ ਟੈਕਨੀਸ਼ੀਅਨਾਂ ਦੀਆਂ ਦੋ-ਦੋ ਅਸਾਮੀਆਂ ਵੀ ਖਾਲੀ ਹਨ। ਸਟਾਫ਼ ਘੱਟ ਹੋਣ ਕਾਰਨ ਅਲਟਰਾ ਸਾਊਂਡ ਹਫਤੇ ’ਚ ਸਿਰਫ ਇੱਕ ਦਿਨ ਹੀ ਕੀਤਾ ਜਾਂਦਾ ਹੈ। ਹਸਪਤਾਲ ਵਿੱਚ ਐਂਬੂਲੈਂਸ ਦਾ ਕੋਈ ਪ੍ਰਬੰਧ ਨਹੀਂ ਹੈ।
ਹਸਪਤਾਲ ਦੇ ਸਟਾਫ਼ ਦੀ ਰਿਹਾਇਸ਼ ਲਈ ਵੀ ਕੋਈ ਪ੍ਰਬੰਧ ਨਹੀਂ। ਅਕਾਲੀ-ਭਾਜਪਾ ਹਕੂਮਤ ਵਕਤ ਬਣੇ ਇਸ ਹਸਪਤਾਲ ਨੂੰ ਪੰਜਾਬ ਦੇ ਚੰਗੀਆਂ ਸਹੂਲਤਾਂ ਵਾਲੇ ਪਹਿਲੇ 100 ਹਸਪਤਾਲਾਂ ਦੀ ਸੂਚੀ ’ਚ ਸ਼ਾਮਲ ਕੀਤਾ ਗਿਆ ਸੀ, ਪਰ ਅਜੇ ਤੱਕ ਅਜਿਹਾ ਕੁੱਝ ਵੀ ਦਿਖਾਈ ਨਹੀਂ ਦਿੱਤਾ। ਆਗੂਆਂ ਨੇ ਕਿਹਾ ਜਦੋਂ ਤੱਕ ਲੋੜੀਂਦਾ ਸਾਜ਼ੋ ਸਮਾਨ ਤੇ ਸਟਾਫ਼ ਦੀ ਤਾਇਨਾਤੀ ਤੋਂ ਇਲਾਵਾ ਬਾਹਰੀ ਦਖ਼ਲਅੰਦਾਜ਼ੀ ਬੰਦ ਨਹੀਂ ਹੁੰਦੀ, ਉਦੋਂ ਤੱਕ ਹਸਪਤਾਲ ਦਾ ਮਾਹੌਲ ਰਚਨਾਤਮਿਕ ਨਹੀਂ ਬਣ ਸਕਦਾ। ਉਕਤ ਆਗੂ ਹਸਪਤਾਲ ਦੀ ਦਸ਼ਾ ਸੁਧਾਰਨ ਲਈ ਸਿਵਲ ਸਰਜਨ ਬਠਿੰਡਾ ਨੂੰ ਮਿਲ ਕੇ ਮੰਗ ਪੱਤਰ ਵੀ ਦੇ ਚੁੱਕੇ ਹਨ।