ਪਰਮਜੀਤ ਸਿੰਘ
ਫਾਜ਼ਿਲਕਾ, 26 ਜੂਨ
ਭਾਰਤ ਦੀਆਂ ਟਰੇਡ ਯੂਨੀਅਨਾਂ ਵੱਲੋਂ 16 ਫਰਵਰੀ ਨੂੰ ਕੇਂਦਰ ਦੀਆਂ ਲੋਕ ਵਿਰੋਧੀ ਨੀਤੀਆਂ ਦੇ ਵਿਰੋਧ ਵਿਚ ਹੜਤਾਲ ਦਾ ਸੱਦਾ ਦਿੱਤਾ ਗਿਆ ਸੀ। ਇਸ ਦੌਰਾਨ ਪੰਜਾਬ ਦੀਆਂ ਮੁਲਾਜ਼ਮ ਜਥੇਬੰਦੀਆਂ ਨੇ ਹੜਤਾਲ ’ਚ ਸ਼ਮੂਲੀਅਤ ਕੀਤੀ ਸੀ। ਇਸੇ ਲੜੀ ਵਿੱਚ ਫਾਜ਼ਿਲਕਾ ਵਿੱਚ ਵੱਡੀ ਗਿਣਤੀ ’ਚ ਅਧਿਆਪਕ ਵੀ ਹੜਤਾਲ ਵਿੱਚ ਸ਼ਾਮਲ ਹੋਏ ਸਨ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਾਹਲੀ ਵਾਲਾ ਬੋਦਲਾ ਦੇ ਪ੍ਰਿੰਸੀਪਲ ਵੱਲੋਂ ਇਕ ਅਧਿਆਪਕ ਦੀ ਤਨਖ਼ਾਹ ਕਟੌਤੀ ਕੀਤੀ ਗਈ, ਜਿਸ ਬਾਰੇ ਸਰਕਾਰ ਵੱਲੋਂ ਕਿਸੇ ਵੀ ਤਰ੍ਹਾਂ ਦੇ ਨਿਰਦੇਸ਼ ਨਹੀਂ ਸਨ ਦਿੱਤੇ ਗਏ। ਇਸ ਸਬੰਧੀ ਡੈਮੋਕ੍ਰੈਟਿਕ ਟੀਚਰਜ਼ ਫਰੰਟ ਵੱਲੋਂ ਵੱਡੀ ਗਿਣਤੀ ’ਚ ਅਧਿਆਪਕ ਜ਼ਿਲ੍ਹਾ ਸਿੱਖਿਆ ਦਫ਼ਤਰ ਵਿੱਚ ਪਹੁੰਚੇ ਪਰ ਉਹ ਆਪਣੇ ਦਫ਼ਤਰ ਵਿੱਚ ਨਹੀਂ ਮਿਲੇ।
ਡੀਟੀਐੱਫ ਨੇ ਅੱਜ ਪੂਰਾ ਦਿਨ ਦਫ਼ਤਰ ਨੂੰ ਘੇਰ ਕੇ ਰੱਖਿਆ ਜਿਸ ਦੌਰਾਨ ਕਿਰਤੀ ਕਿਸਾਨ ਯੂਨੀਅਨ, ਬੀਕੇਯੂ ਕਾਦੀਆਂ, ਕ੍ਰਾਂਤੀਕਾਰੀ ਕਿਸਾਨ ਯੂਨੀਆ ਅਤੇ ਪੀਐੱਸਯੂ ਦੇ ਆਗੂ ਸ਼ਾਮਲ ਸਨ। ਡੀਟੀਐਫ ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਕੌੜਿਆਂਵਾਲੀ ਅਤੇ ਸਕੱਤਰ ਕੁਲਜੀਤ ਡੰਗਰਖੇੜਾ ਨੇ ਐਲਾਨ ਕੀਤਾ ਕਿ 27 ਜੂਨ ਨੂੰ ਡੀਈਓ ਦਾ ਪੁਤਲਾ ਸਾੜਿਆ ਜਾਵੇਗਾ ਅਤੇ ਜ਼ਿਲ੍ਹਾ ਕਮਿਸ਼ਨਰ ਨੂੰ ਸ਼ਿਕਾਇਤ ਕੀਤੀ ਜਾਵੇਗੀ।