ਰਾਏਕੋਟ (ਸੰਤੋਖ ਗਿੱਲ):
ਕੌਮੀ ਜਾਂਚ ਏਜੰਸੀ ਵੱਲੋਂ ਕੁਝ ਅਰਸਾ ਪਹਿਲਾਂ ਅਤਿਵਾਦੀ ਐਲਾਨੇ ਗਏ ਗੈਂਗਸਟਰ ਅਰਸ਼ ਡਾਲਾ ਲਈ ਫ਼ਿਰੌਤੀ ਦੀ ਰਕਮ ਇਕੱਠੀ ਕਰਨ ਦੇ ਦੋਸ਼ ਹੇਠ ਰਾਏਕੋਟ ਦੇ ਇੱਕ ਕਾਰੋਬਾਰੀ ਨੂੰ ਬਰਨਾਲਾ ਜ਼ਿਲ੍ਹੇ ਦੀ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਬਰਨਾਲਾ ਦੇ ਵੱਡੇ ਕਾਰੋਬਾਰੀ ਤੋਂ ਮੋਟੀ ਫ਼ਿਰੌਤੀ ਮੰਗੀ ਗਈ ਸੀ। ਰਾਏਕੋਟ ਪੁਲੀਸ ਦੇ ਅਧਿਕਾਰੀ ਇਸ ਬਾਰੇ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਹਨ ਪਰ ਬਰਨਾਲਾ ਸੀਆਈਏ ਸਟਾਫ਼ ਦੇ ਅਧਿਕਾਰੀਆਂ ਨੇ ਰਾਏਕੋਟ ਦੇ ਕਾਰੋਬਾਰੀ ਸਣੇ ਦੋ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਬਰਨਾਲਾ ਸ਼ਹਿਰੀ ਪੁਲੀਸ ਕਰ ਰਹੀ ਹੈ ਅਤੇ ਮਾਮਲਾ ਫ਼ਿਰੌਤੀ ਮੰਗਣ ਨਾਲ ਜੁੜਿਆ ਹੋਇਆ ਹੈ। ਬਰਨਾਲਾ ਸਬ ਡਿਵੀਜ਼ਨ ਦੇ ਉਪ ਪੁਲੀਸ ਕਪਤਾਨ ਸਤਵੀਰ ਸਿੰਘ ਨੇ ਵੀ ਫ਼ਿਰੌਤੀ ਮੰਗਣ ਦੇ ਮਾਮਲੇ ਦੀ ਪੁਸ਼ਟੀ ਕੀਤੀ ਹੈ ਅਤੇ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਭਲਕੇ ਪੂਰੀ ਜਾਣਕਾਰੀ ਦੇ ਦਿੱਤੀ ਜਾਵੇਗੀ।