ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 26 ਜੂਨ
ਲਾਡੋਵਾਲ ਟੌਲ ਪਲਾਜ਼ਾ ’ਤੇ ਕਿਸਾਨ ਜਥੇਬੰਦੀਆਂ ਅਤੇ ਹੋਰ ਸੰਗਠਨਾਂ ਦਾ ਧਰਨਾ 11ਵੇਂ ਦਿਨ ਵਿੱਚ ਪੁੱਜ ਗਿਆ ਹੈ ਅਤੇ ਅੱਜ ਵੀ ਟੌਲ ਪਲਾਜ਼ਾ ਤੋਂ ਵਾਹਨ ਮੁਫ਼ਤ ਲੰਘਾਏ ਗਏ ਹਨ। ਧਰਨੇ ਦੌਰਾਨ ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਦਿਲਬਾਗ ਸਿੰਘ ਗਿੱਲ, ਇੰਦਰਵੀਰ ਸਿੰਘ ਕਾਦੀਆਂ ਅਤੇ ਸੁਖਦੇਵ ਸਿੰਘ ਮੰਗਲੀ ਨੇ ਕਿਹਾ ਕਿ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਅਤੇ ਕੇਂਦਰ ਸਰਕਾਰ ਦੀ ਧੱਕੇਸ਼ਾਹੀ ਖ਼ਿਲਾਫ਼ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਅਤੇ ਹੋਰ ਸੰਗਠਨ ਲੋਕਾਂ ਦਾ ਹੱਕ ਲਏ ਬਗੈਰ ਧਰਨਾ ਖ਼ਤਮ ਨਹੀਂ ਕਰਨਗੇ ਸਗੋਂ ਧਰਨੇ ਨੂੰ ਮੋਰਚੇ ਵਿੱਚ ਤਬਦੀਲ ਕਰਕੇ ਵੱਡੇ ਪੱਧਰ ਦਾ ਸੰਘਰਸ਼ ਸ਼ੁਰੂ ਕਰਕੇ ਸਰਕਾਰ ਦੀ ਲੁੱਟ ਖ਼ਿਲਾਫ਼ ਆਵਾਜ਼ ਬੁਲੰਦ ਕਰਨਗੇ। ਆਗੂਆਂ ਨੇ ਮੰਗ ਕੀਤੀ ਕਿ ਟੌਲ ਦਰਾਂ ਵਿੱਚ ਕੀਤਾ ਵਾਧਾ ਵਾਪਸ ਲਿਆ ਜਾਵੇ, ਲੋਕਾਂ ਨੂੰ ਟੌਲ ਪਲਾਜ਼ਾ ਦੇ ਖੇਤਰ ਵਿੱਚ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ, ਟੌਲ ਪਲਾਜ਼ਾ ਤੇ ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਵੇ ਅਤੇ ਟੌਲ ਪਲਾਜ਼ਾ ਤੋਂ 20 ਕਿਲੋਮੀਟਰ ਦੇ ਘੇਰੇ ਵਿੱਚ ਰਹਿਣ ਵਾਲੇ ਲੋਕਾਂ ਦੀਆਂ ਗੱਡੀਆਂ ਆਧਾਰ ਕਾਰਡ ’ਤੇ ਮੁਫ਼ਤ ਲੰਘਾਈਆਂ ਜਾਣ। ਆਗੂਆਂ ਨੇ ਦੱਸਿਆ ਕਿ 30 ਜੂਨ ਨੂੰ ਕੀਤੇ ਜਾ ਰਹੇ ਇਕੱਠ ਸਬੰਧੀ ਡਿਊਟੀਆਂ ਲਾਈਆਂ ਗਈਆਂ ਹਨ। ਇਸ ਮੌਕੇ ਸੁਰਜੀਤ ਸਿੰਘ ਸੀੜਾ, ਪ੍ਰਧਾਨ ਜੋਰਾ ਸਿੰਘ, ਪਰਮਜੀਤ ਸਿੰਘ ਪੰਮਾ ਟਰੱਕ ਯੂਨੀਅਨ ਜਗਰਾਉਂ, ਲਾਡੀ ਸੰਧੂ ਭੱਟੀਆਂ, ਰਣਜੀਤ ਸਿੰਘ ਚਾਹੜ, ਕੁਲਵਿੰਦਰ ਸਿੰਘ ਇਕਾਈ ਪ੍ਰਧਾਨ, ਜਗਪ੍ਰੀਤ ਸਿੰਘ ਅਤੇ ਰਾਜਿੰਦਰ ਸਿੰਘ ਗੜੀ ਸ਼ੇਰੂ ਹਾਜ਼ਰ ਸਨ।