ਪੱਤਰ ਪ੍ਰੇਰਕ
ਨਵੀਂ ਦਿੱਲੀ, 26 ਜੂਨ
ਦਿੱਲੀ ਪੁਲੀਸ ਨੇ ਉਚ ਰਿਟਰਨ ਦੇ ਬਹਾਨੇ ਇੱਕ ਔਰਤ ਨਾਲ ਕਥਿਤ ਤੌਰ ’ਤੇ 10.30 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਵਿੱਚ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਵਿਪਨ ਕੁਮਾਰ (30), ਮੋਹਿਤ ਸ਼ਰਮਾ (27) ਅਤੇ ਸਮਾਰਟ ਡਾਬਰ (23) ਵਜੋਂ ਹੋਈ ਹੈ। ਡਿਪਟੀ ਕਮਿਸ਼ਨਰ ਪੁਲੀਸ (ਦਵਾਰਕਾ) ਅੰਕਿਤ ਸਿੰਘ ਨੇ ਕਿਹਾ ਕਿ 24 ਅਪਰੈਲ ਨੂੰ ਦਵਾਰਕਾ ਸਾਈਬਰ ਪੁਲੀਸ ਸਟੇਸ਼ਨ ਵਿੱਚ ਇੱਕ ਸ਼ਿਕਾਇਤ ਮਿਲੀ ਸੀ ਜਿਸ ਵਿੱਚ ਸ਼ਿਕਾਇਤਕਰਤਾ ਨੂੰ ਟੈਲੀਗ੍ਰਾਮ ਰਾਹੀਂ ਪੈਸੇ ਦਾ ਨਿਵੇਸ਼ ਕਰਨ ਅਤੇ ਉਚ ਰਿਟਰਨ ਕਮਾਉਣ ਦੇ ਬਹਾਨੇ ਧੋਖਾਧੜੀ ਕਰਨ ਵਾਲਿਆਂ ਦੁਆਰਾ ਸੰਪਰਕ ਕੀਤਾ ਗਿਆ ਸੀ। ਪੁਲੀਸ ਨੇ ਦੱਸਿਆ ਕਿ ਪੀੜਤ ਨੇ ਸਾਰੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ 10.30 ਲੱਖ ਰੁਪਏ ਦੀ ਰਕਮ ਨਿਵੇਸ਼ ਕੀਤੀ ਅਤੇ ਰੀਫੰਡ ਦੇ ਸਮੇਂ ਮੁਲਜ਼ਮਾਂ ਨੇ ਇਨਕਾਰ ਕਰ ਦਿੱਤਾ। ਅਧਿਕਾਰੀ ਨੇ ਕਿਹਾ ਕਿ ਐੱਫਆਈਆਰ ਦਰਜ ਕੀਤੀ ਗਈ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।