ਪੱਤਰ ਪ੍ਰੇਰਕ
ਮਾਨਸਾ, 27 ਜੂਨ
ਪੰਜਾਬ ਸਰਕਾਰ ਬੇਸ਼ੱਕ ਸੂਬੇ ਨੂੰ ਸਿੱਖਿਆ ਖੇਤਰ ਵਿੱਚ ਦਿੱਲੀ ਦੀ ਤਰਜ਼ ’ਤੇ ਦੇਸ਼ ’ਚੋਂ ਪਹਿਲੇ ਸਥਾਨ ’ਤੇ ਲਿਆਉਣ ਦੇ ਦਮਗਜ਼ੇ ਮਾਰ ਰਹੀ ਹੈ, ਪਰ ਇਸ ਖੇਤਰ ਦੇ ਬਾਰ੍ਹਵੀਂ ਜਮਾਤ ਦੇ ਹੁਣੇ ਪਾਸ ਹੋਏ ਲਗਪਗ 10 ਹਜ਼ਾਰ ਵਿਦਿਆਰਥੀਆਂ ਨੂੰ ਹੁਣ ਆਪਣੀ ਕਾਲਜ ਸਿੱਖਿਆ ਦੀ ਚਿੰਤਾ ਸਤਾਉਣ ਲੱਗੀ ਹੈ। ਜ਼ਿਲ੍ਹੇ ਦੇ ਇੱਕ ਦਰਜਨ ਵੱਡੇ ਪਿੰਡਾਂ ਅਤੇ ਕਸਬਿਆਂ ਵਿਚ ਅੱਜ ਆਜ਼ਾਦੀ ਦੇ 76 ਸਾਲ ਬਾਅਦ ਵੀ ਕੋਈ ਕਾਲਜ ਨਹੀਂ ਖੋਲ੍ਹਿਆ ਜਾ ਸਕਿਆ।
ਜ਼ਿਲ੍ਹੇ ਵਿੱਚ ਇਸ ਸਮੇਂ ਸਿਰਫ਼ ਇੱਕ ਸਰਕਾਰੀ ਕਾਲਜ, ਪੰਜ ਯੂਨੀਵਰਸਿਟੀ ਕਾਲਜ, ਦੋ ਸ਼੍ਰੋਮਣੀ ਕਮੇਟੀ ਦੇ ਕਾਲਜ ਅਤੇ ਚਾਰ ਪ੍ਰਾਈਵੇਟ ਕਾਲਜ ਮੌਜੂਦ ਹਨ ਜਿੱਥੇ ਬਾਰ੍ਹਵੀਂ ਉਪਰੰਤ ਬੀਏ ਭਾਗ ਪਹਿਲਾ ਦੀਆਂ ਜਮਾਤਾਂ ਵਿਚ ਲਗਪਗ 3000 ਵਿਦਿਆਰਥੀ ਦਾਖ਼ਲ ਕਰਨਯੋਗ ਪ੍ਰਬੰਧ ਹੀ ਹਨ ਜਦੋਂਕਿ ਬਾਕੀ 7000 ਬਾਰ੍ਹਵੀਂ ਪਾਸ ਹੋਏ ਵਿਦਿਆਰਥੀਆਂ ਲਈ ਜ਼ਿਲ੍ਹੇ ਵਿੱਚ ਕਾਲਜ ਸਿੱਖਿਆ ਦਾ ਕੋਈ ਪ੍ਰਬੰਧ ਨਹੀਂ ਹੈ। ਕਾਲਜਾਂ ਦੀ ਇਸ ਅਣਹੋਂਦ ਕਾਰਨ ਸਿਰਫ਼ 30 ਪ੍ਰਤੀਸ਼ਤ ਬੱਚੇ ਹੀ ਬੀਏ ਭਾਗ ਪਹਿਲਾ ਵਿੱਚ ਦਾਖ਼ਲਾ ਲੈਂਦੇ ਹਨ ਜਦੋਂਕਿ ਬਾਕੀ 70 ਫ਼ੀਸਦੀ ਬੱਚੇ ਆਪਣੀ ਪੜ੍ਹਾਈ ਅਧੂਰੀ ਛੱਡਣ ਲਈ ਮਜਬੂਰ ਹਨ।
ਜ਼ਿਕਰਯੋਗ ਹੈ ਕਿ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰਲਾਲ ਨਹਿਰੂ ਦੀ ਯਾਦ ਵਿਚ ਬਣੇ ਜ਼ਿਲ੍ਹੇ ਦੇ ਇੱਕੋ-ਇੱਕ ਸਰਕਾਰੀ ਕਾਲਜ ਵਿਚ ਪੱਕਾ ਪ੍ਰਿੰਸੀਪਲ ਨਹੀਂ ਹੈ ਅਤੇ 26 ਪ੍ਰੋਫੈਸਰਾਂ ਵਿਚੋਂ ਸਿਰਫ਼ ਇੱਕ ਰੈਗੂਲਰ ਅਸਾਮੀ ਭਰੀ ਹੈ ਜਦੋਂਕਿ ਬਾਕੀ ਗੈਸਟ ਫੈਕਲਟੀ, ਪਾਰਟ ਟਾਈਮ, ਠੇਕਾ ਪ੍ਰਣਾਲੀ ਵਾਲੇ ਟੀਚਿੰਗ ਸਟਾਫ਼ ਨਾਲ ਕੰਮ ਚਲਾਇਆ ਜਾ ਰਿਹਾ ਹੈ।
ਜ਼ਿਲ੍ਹੇ ਵਿਚ ਸਿਰਫ਼ ਇਕ ਹੀ ਸਰਕਾਰੀ ਕਾਲਜ ਹੈ ਜਦੋਂਕਿ ਦੂਜੇ ਪਾਸੇ ਇਕ ਦਰਜਨ ਵੱਡੇ ਪਿੰਡ ਅਤੇ ਕਸਬੇ ਪਿਛਲੇ 76 ਸਾਲਾਂ ਤੋਂ ਸਰਕਾਰੀ ਕਾਲਜ ਖੋਲ੍ਹਣ ਦੀ ਦੁਹਾਈ ਪਾਉਂਦੇ ਆ ਰਹੇ ਹਨ, ਪਰ ਅਜੇ ਤੱਕ ਕਿਸੇ ਵੀ ਸਰਕਾਰ ਨੇ ਉਨ੍ਹਾਂ ਦੀ ਕੋਈ ਗੱਲ ਨਹੀਂ ਸੁਣੀ।
ਸਿੱਖਿਆ ਮਹਿਕਮੇ ਤੋਂ ਮਿਲੇ ਵੇਰਵਿਆਂ ਮੁਤਾਬਕ ਮਾਨਸਾ ਜ਼ਿਲ੍ਹੇ ਵਿੱਚ ਇੱਕੋ-ਇੱਕ ਸਰਕਾਰੀ ਕਾਲਜ ਨਹਿਰੂ ਮੈਮੋਰੀਅਲ ਮਾਨਸਾ ਹੈ ਜਦੋਂਕਿ ਮਾਨਸਾ ਵਿੱਚ ਮਾਤਾ ਸੁੰਦਰੀ ਗਰਲਜ਼ ਕਾਲਜ, ਬਲਰਾਜ ਸਿੰਘ ਭੂੰਦੜ ਯਾਦਗਾਰੀ ਕਾਲਜ ਸਰਦੂਲਗੜ੍ਹ, ਯੂਨੀਵਰਸਿਟੀ ਕੈਂਪਸ ਰੱਲਾ, ਝੁਨੀਰ, ਬਹਾਦਰਪੁਰ ਹੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਧੀਨ ਕਾਲਜ ਹਨ। ਇਸੇ ਤਰ੍ਹਾਂ ਫਫੜੇ ਭਾਈਕੇ ਅਤੇ ਬੁਢਲਾਡਾ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਲਜ ਹਨ, ਜਦੋਂਕਿ ਭੀਖੀ ਵਿੱਚ ਨੈਸ਼ਨਲ ਕਾਲਜ, ਰੱਲਾ ਵਿੱਚ ਮਾਈ ਭਾਗੋ ਗਰਲਜ਼ ਕਾਲਜ, ਮਾਨਸਾ ਵਿੱਚ ਐੱਸਡੀ ਗਰਲਜ਼ ਕਾਲਜ ਅਤੇ ਇਕ ਕਾਲਜ ਰੱਲੀ ਵਿੱਚ ਪ੍ਰਾਈਵੇਟ ਤੌਰ ’ਤੇ ਚੱਲਣ ਵਾਲੇ ਕਾਲਜ ਹਨ।