ਤਰਨ ਤਾਰਨ:
ਪੁਲੀਸ ਨੇ ਨਾਜਾਇਜ਼ ਸ਼ਰਾਬ ਵੇਚਣ ਦੇ ਦੋਸ਼ ਹੇਠ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ| ਜਾਣਕਾਰੀ ਅਨੁਸਾਰ ਪੁਲੀਸ ਨੇ ਮੁਲਜ਼ਮਾਂ ਤੋਂ ਇਕ ਚਾਲੂ ਭੱਠੀ, ਨਜਾਇਜ਼ ਸ਼ਰਾਬ ਅਤੇ 23 ਲਿਟਰ ਲਾਹਣ ਬਰਾਮਦ ਕੀਤੀ ਹੈ| ਇਕ ਜ਼ਿਲ੍ਹਾ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਥਾਣਾ ਹਰੀਕੇ ਦੇ ਪੁਲੀਸ ਅਧਿਕਾਰੀ ਏਐੱਸਆਈ ਤਰਸੇਮ ਸਿੰਘ ਦੀ ਅਗਵਾਈ ਵਾਲੀ ਪੁਲੀਸ ਪਾਰਟੀ ਨੇ ਇਲਾਕੇ ਦੇ ਪਿੰਡ ਪਨਗੋਟਾ ਦੇ ਵਾਸੀ ਹਰਪ੍ਰੀਤ ਸਿੰਘ ਦੇ ਘਰੋਂ ਇਕ ਚਾਲੂ ਭੱਠੀ, 23 ਲਿਟਰ ਲਾਹਣ ਅਤੇ 3750 ਮਿਲੀਲਿਟਰ ਸ਼ਰਾਬ ਬਰਾਮਦ ਕੀਤੀ| ਇਸੇ ਤਰ੍ਹਾਂ ਚੋਹਲਾ ਸਾਹਿਬ ਦੇ ਪੁਲੀਸ ਅਧਿਕਾਰੀ ਏਐੱਸਆਈ ਰਾਜਬੀਰ ਸਿੰਘ ਦੀ ਅਗਵਾਈ ਵਿੱਚ ਪੁਲੀਸ ਪਾਰਟੀ ਨੇ ਹਰੀਕੇ ਦੇ ਵਾਸੀ ਸਤਨਾਮ ਸਿੰਘ ਤੋਂ 37500 ਮਿਲੀਲਿਟਰ ਨਾਜਾਇਜ਼ ਸ਼ਰਾਬ ਫੜੀ| ਇਸ ਦੇ ਨਾਲ ਹੀ ਸਥਾਨਕ ਥਾਣਾ ਸਿਟੀ ਦੀ ਪੁਲੀਸ ਪਾਰਟੀ ਨੇ ਪੰਡੋਰੀ ਗੋਲਾ ਦੇ ਵਾਸੀ ਗੁਰਵਿੰਦਰ ਸਿੰਘ ਗੋਰਾ ਤੋਂ 11250 ਮਿਲੀਲਿਟਰ ਨਜਾਇਜ਼ ਸ਼ਰਾਬ ਬਰਾਮਦ ਕੀਤੀ ਹੈ| -ਪੱਤਰ ਪ੍ਰੇਰਕ