ਵੀਰਵਾਰ ਨੂੰ ਜਦੋਂ ਰਾਸ਼ਟਰਪਤੀ ਦਰੋਪਦੀ ਮੁਰਮੂ ਪਾਰਲੀਮੈਂਟ ਵਿੱਚ ਆਪਣਾ ਭਾਸ਼ਣ ਦੇ ਰਹੇ ਸਨ ਤਾਂ ਉਸੇ ਸਮੇਂ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੀ ਵਿੱਤੀ ਸਥਿਰਤਾ ਰਿਪੋਰਟ (ਐੱਫਐੱਸਆਰ) ਜਾਰੀ ਕੀਤੀ ਗਈ। ਰਾਸ਼ਟਰਪਤੀ ਨੇ ਆਪਣੇ ਭਾਸ਼ਣ ਵਿੱਚ ਪਿਛਲੇ ਇੱਕ ਦਹਾਕੇ ਦੌਰਾਨ ਭਾਰਤ ਦੇ ਬੈਂਕਿੰਗ ਖੇਤਰ ਨੂੰ ਬਚਾਉਣ ਲਈ ਸਰਕਾਰ ਵੱਲੋਂ ਕੀਤੇ ਗਏ ਸੁਧਾਰਾਂ ਦਾ ਜਿ਼ਕਰ ਕੀਤਾ ਜਿਨ੍ਹਾਂ ਵਿੱਚ ਵਿੱਤੀ ਤੰਗੀ ਅਤੇ ਦੀਵਾਲੀਏਪਣ ਬਾਰੇ ਜ਼ਾਬਤੇ (ਆਈਬੀਸੀ) ਜਿਹਾ ਕਾਨੂੰਨ ਸ਼ਾਮਿਲ ਸੀ। ਉਨ੍ਹਾਂ ਆਖਿਆ ਕਿ ਸਰਕਾਰੀ ਬੈਂਕਾਂ ਦੇ ਡੁੱਬੇ ਹੋਏ ਕਰਜਿ਼ਆਂ (ਐੱਨਪੀਏ) ਵਿੱਚ ਲਗਾਤਾਰ ਕਮੀ ਆ ਰਹੀ ਹੈ। ਇਨ੍ਹਾਂ ਡੁੱਬੇ ਹੋਏ ਕਰਜਿ਼ਆਂ ਦਾ ਜਿ਼ਕਰ ਐੱਫਸੀਆਰ ਵਿੱਚ ਉਚੇਚੇ ਤੌਰ ’ਤੇ ਕੀਤਾ ਗਿਆ ਹੈ ਜਿਸ ਦਾ ਕਹਿਣਾ ਹੈ ਕਿ ਸ਼ਡਿਊਲਡ ਵਪਾਰਕ ਬੈਂਕਾਂ ਦੇ ਡੁੱਬੇ ਹੋਏ ਕਰਜਿ਼ਆਂ ਭਾਵ ਐੱਨਪੀਏ ਦਾ ਅਨੁਪਾਤ ਘਟ ਕੇ 2.8 ਫ਼ੀਸਦੀ ਰਹਿ ਗਿਆ ਹੈ ਅਤੇ ਕੁੱਲ ਡੁੱਬੇ ਕਰਜਿ਼ਆਂ ਦਾ ਅਨੁਪਾਤ ਇਸ ਸਾਲ ਮਾਰਚ ਦੇ ਅੰਤ ਤੱਕ 0.6 ਫ਼ੀਸਦੀ ਤੱਕ ਘਟ ਗਿਆ ਹੈ। ਆਰਬੀਆਈ ਦਾ ਦਾਅਵਾ ਹੈ ਕਿ ਬੈਂਕਾਂ ਦੇ ਡੁੱਬੇ ਹੋਏ ਕੁੱਲ ਕਰਜਿ਼ਆਂ ਦੀ ਦਰ 12 ਸਾਲਾਂ ਵਿੱਚ ਸਭ ਤੋਂ ਹੇਠਲੇ ਪੱਧਰ ’ਤੇ ਆ ਗਈ ਹੈ। ਇਹ ਮਹੱਤਵਪੂਰਨ ਗਿਰਾਵਟ ਹੈ ਜਿਸ ਤੋਂ ਸੰਕੇਤ ਮਿਲਦਾ ਹੈ ਕਿ ਬੈਂਕਾਂ ਵੱਲੋਂ ਆਪਣੇ ਮਾੜੇ ਕਰਜਿ਼ਆਂ ਨੂੰ ਬਿਹਤਰ ਢੰਗ ਨਾਲ ਨਜਿੱਠਿਆ ਜਾ ਰਿਹਾ ਹੈ ਜਿਸ ਨਾਲ ਡਿਫਾਲਟ ਹੋਣ ਦੇ ਜੋਖ਼ਮ ਵਿੱਚ ਵੀ ਕਮੀ ਆਈ ਹੈ।
ਐੱਨਪੀਏ ਭਾਰਤੀ ਬੈਂਕਿੰਗ ਖੇਤਰ ਦੀ ਦੀਰਘਕਾਲੀ ਤਰੱਕੀ ਅਤੇ ਸਥਿਰਤਾ ਦੇ ਰਾਹ ਦਾ ਰੋੜਾ ਬਣਿਆ ਹੋਇਆ ਹੈ ਅਤੇ ਅਰਥਚਾਰੇ ਦੀ ਸਮੁੱਚੀ ਸਿਹਤ ਉੱਪਰ ਇਸ ਦੇ ਪ੍ਰਭਾਵ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਆਈਬੀਸੀ ਐਕਟ-2016 ਵਿੱਚ ਪਾਸ ਹੋਇਆ ਸੀ ਜਿਸ ਨਾਲ ਬਹੁਤ ਸਾਰੀਆਂ ਬੈਂਕਾਂ ਅਤੇ ਵਿੱਤੀ ਅਦਾਰਿਆਂ ਨੂੰ ਦੀਵਾਲੀਏਪਣ ਦੇ ਕੇਸਾਂ ਦੀ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਨਜਿੱਠਣ ਵਿੱਚ ਮਦਦ ਮਿਲੀ ਹੈ। ਦੁਨੀਆ ਦੇ ਪ੍ਰਮੁੱਖ ਅਰਥਚਾਰਿਆਂ ’ਚੋਂ ਤੇਜ਼ੀ ਨਾਲ ਵਿਕਾਸ ਕਰ ਰਹੇ ਅਰਥਚਾਰੇ ਲਈ ਇਹ ਬਹੁਤ ਅਹਿਮ ਪੱਖ ਹੈ ਕਿਉਂਕਿ ਇਸ ਵੱਲੋਂ ਆਪਣੇ-ਆਪ ਨੂੰ ਆਲਮੀ ਨਿਵੇਸ਼ਕਾਂ ਦੇ ਪ੍ਰਮੁੱਖ ਟਿਕਾਣੇ ਵਜੋਂ ਪੇਸ਼ ਕੀਤਾ ਜਾ ਰਿਹਾ ਹੈ। ਭਾਰਤ ਦੇ ਕਾਨੂੰਨੀ ਤੇ ਰੈਗੂਲੇਟਰੀ ਢਾਂਚੇ ਬਾਰੇ ਖ਼ਦਸ਼ੇ ਤੇ ਸ਼ੰਕੇ ਨਿਵੇਸ਼ਕਾਂ ਦੇ ਭਰੋਸੇ ਲਈ ਮਾੜੇ ਸਾਬਿਤ ਹੋ ਸਕਦੇ ਹਨ। ਰਿਜ਼ਰਵ ਬੈਂਕ ਦਾ ਕਹਿਣਾ ਹੈ ਕਿ ਨਰੋਈ ਵਿੱਤੀ ਸਥਿਤੀ (ਬੈਲੈਂਸ ਸ਼ੀਟ) ਕਰ ਕੇ ਬੈਂਕਾਂ ਤੇ ਵਿੱਤੀ ਸੰਸਥਾਵਾਂ ਸਰਗਰਮੀ ਨਾਲ ਕਰਜ਼ ਦਾ ਲਗਾਤਾਰ ਵਿਸਤਾਰ ਕਰ ਰਹੀਆਂ ਹਨ ਅਤੇ ਨਾਲ ਹੀ ਆਰਥਿਕ ਗਤੀਵਿਧੀਆਂ ਨੂੰ ਹੁਲਾਰਾ ਵੀ ਦੇ ਰਹੀਆਂ ਹਨ ਜਦੋਂਕਿ ਭਾਰਤ ਦੀ ਰਾਸ਼ਟਰਪਤੀ ਨੇ ਵੀ ਦਾਅਵਾ ਕੀਤਾ ਹੈ ਕਿ ਭਾਰਤ ਦਾ ਬੈਂਕਿੰਗ ਖੇਤਰ ਦੁਨੀਆ ਦੀਆਂ ਸਭ ਤੋਂ ਮਜ਼ਬੂਤ ਬੈਂਕਿੰਗ ਪ੍ਰਣਾਲੀਆਂ ਵਿੱਚੋਂ ਇੱਕ ਹੈ। ਇਨ੍ਹਾਂ ਟਿੱਪਣੀਆਂ ਨਾਲ ਘਰੇਲੂ ਨਿਵੇਸ਼ਕਾਂ ਦਾ ਭਰੋਸਾ ਮੁੜ ਪੱਕਾ ਹੋਣਾ ਚਾਹੀਦਾ ਹੈ, ਭਾਵੇਂ ਅਜੇ ਵੀ ਬੈਂਕਾਂ ਨੂੰ ਹੋਰ ਮਜ਼ਬੂਤ ਤੇ ਲਾਭਦਾਇਕ ਬਣਾਉਣ ’ਚ ਸੁਧਾਰ ਦੀ ਗੁੰਜਾਇਸ਼ ਹੈ। ਹਰ ਗਾਹਕ ਆਪਣੀ ਜਮ੍ਹਾਂ ਪੂੰਜੀ ਤੇ ਨਿਵੇਸ਼ ਦੀ ਸਲਾਮਤੀ ਪ੍ਰਤੀ ਚਿੰਤਤ ਹੁੰਦਾ ਹੈ; ਬੈਂਕਾਂ ਵਿੱਤੀ ਝਟਕਿਆਂ ਨੂੰ ਝੱਲਣ ਦੀ ਸਮਰੱਥਾ ਵਿੱਚ ਲਗਾਤਾਰ ਵਾਧਾ ਕਰ ਕੇ ਅਤੇ ਜੋਖ਼ਮਾਂ ਨੂੰ ਘਟਾ ਕੇ ਹਾਂ-ਪੱਖੀ ਫ਼ਰਕ ਪਾ ਸਕਦੀਆਂ ਹਨ।