ਪੱਤਰ ਪ੍ਰੇਰਕ
ਬਠਿੰਡਾ, 28 ਜੂਨ
ਸ਼ੇਰੇ ਪੰਜਾਬ ਅਕਾਲੀ ਦਲ ਦੇ ਆਗੂ ਗੁਰਦੀਪ ਸਿੰਘ ਬਠਿੰਡਾ, ਬੂਟਾ ਸਿੰਘ ਰਣਸੀਂਹ, ਬਲਵਿੰਦਰ ਸਿੰਘ, ਤਰੁਣ ਜੈਨ ਬਾਵਾ, ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਜਸਵੀਰ ਸਿੰਘ ਰੋਡੇ, ਬਾਬਾ ਚਰਨਜੀਤ ਸਿੰਘ ਜੱਸੋਵਾਲ ਆਦਿ ਵੱਲੋਂ ਇੱਥੇ ਮੀਡੀਆ ਕਾਨਫਰੰਸ ਕੀਤੀ ਗਈ। ਆਗੂਆਂ ਨੇ ਭਾਈ ਸਰਬਜੀਤ ਸਿੰਘ ਖਾਲਸਾ, ਅਤੇ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਜਿੱਤ ’ਤੇ ਖੁਸ਼ੀ ਸਾਂਝੀ ਕੀਤੀ ਹੈ। ਪਾਰਟੀ ਦੇ ਸੂਬਾ ਪ੍ਰਧਾਨ ਗੁਰਦੀਪ ਸਿੰਘ ਬਠਿੰਡਾ ਨੇ ਕਿਹਾ ਕਿ ਇਨ੍ਹਾਂ ਜਿੱਤਾਂ ਤੋਂ ਸਪੱਸ਼ਟ ਹੋ ਗਿਆ ਹੈ ਕਿ ਪੰਜਾਬ ਅੰਦਰ ਹਾਲੇ ਵੀ ਪੰਥਕ ਜਜ਼ਬੇ ਅਤੇ ਪੰਥਕ ਸ਼ਕਤੀ ਪੂਰੀ ਤਰ੍ਹਾਂ ਕਾਇਮ ਹੈ। ਆਗੂਆਂ ਨੇ ਕੇਂਦਰ ਸਰਕਾਰ ’ਤੇ ਗਿਲ੍ਹਾ ਜ਼ਾਹਿਰ ਕਰਦਿਆਂ ਕਿਹਾ ਕਿ ਹਾਰੇ ਹੋਏ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੂੰ ਮੰਤਰੀ ਬਣਾ ਦਿੱਤਾ ਗਿਆ ਹੈ ਜਦੋਂਕਿ ਜਿੱਤੇ ਹੋਏ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਐੱਨਐੱਸਏ ਵਿੱਚ ਵਾਧਾ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਫ਼ੈਸਲਾ ਕੀਤਾ ਹੈ ਕਿ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਵਿਧਾਨ ਸਭਾ 2027 ਦੀਆਂ ਚੋਣਾਂ ਵਿੱਚ ਪੂਰੀ ਤਾਕਤ ਝੋਕੀ ਜਾਵੇਗੀ। ਆਗੂਆਂ ਨੇ ਕਿਹਾ ਕਿ ਜਲੰਧਰ ਜ਼ਿਮਨੀ ਚੋਣ ਵਿੱਚ ਹਿੱਸਾ ਨਹੀਂ ਲਿਆ ਜਾਵੇਗਾ।