ਪੱਤਰ ਪ੍ਰੇਰਕ
ਰੂਪਨਗਰ, 29 ਜੂਨ
ਡੀਆਈਜੀ ਪੁਲੀਸ, ਰੂਪਨਗਰ ਰੇਂਜ ਨਿਲਾਂਬਰੀ ਜਗਦਲੇ ਵੱਲੋਂ ਇੱਥੇ ਸਦਰ ਥਾਣਾ ਰੂਪਨਗਰ ’ਚ ਸਾਈਬਰ ਕਰਾਈਮ ਪੁਲੀਸ ਸਟੇਸ਼ਨ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਇਸ ਸਾਈਬਰ ਪੁਲੀਸ ਸਟੇਸ਼ਨ ਵਿੱਚ ਆਧੁਨਿਕ ਤਕਨੀਕ ਨਾਲ ਲੈਸ ਤੇ ਤਜਰਬੇਕਾਰ ਪੁਲੀਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ, ਜੋ ਸਾਈਬਰ ਅਪਰਾਧਾਂ ਨੂੰ ਪ੍ਰਭਾਵੀ ਢੰਗ ਨਾਲ ਹੈਂਡਲ ਕਰਨਗੇ ਤੇ ਸਾਈਬਰ ਅਪਰਾਧ ਦੇ ਪੀੜਤਾਂ ਦੀ ਲੋੜੀਂਦੀ ਮਦਦ ਕਰਨਗੇ। ਇਸ ਪੁਲੀਸ ਸਟੇਸ਼ਨ ਦਾ ਸੰਚਾਲਨ ਡੀਐੱਸਪੀ ਰੈਂਕ ਦੇ ਅਧਿਕਾਰੀ ਅਧੀਨ ਹੋਵੇਗਾ। ਨਿਲਾਂਬਰੀ ਜਗਦਲੇ ਨੇ ਕਿਹਾ ਕਿ ਵਰਤਮਾਨ ਸਮੇਂ ਵਿੱਚ ਮੋਬਾਈਲ ’ਤੇ ਆਧੁਨਿਕ ਢੰਗ ਨਾਲ ਆਨਲਾਈਨ ਠੱਗੀ ਮਾਰਨ ਨੂੰ ਸਾਈਬਰ ਕਰਾਈਮ ਕਿਹਾ ਜਾਂਦਾ ਹੈ, ਜਿਸ ਨੂੰ ਠੱਲ੍ਹਣ ਲਈ ਇਹ ਕਦਮ ਚੁੱਕਿਆ ਗਿਆ ਹੈ। ਐੱਸਐੱਸਪੀ ਰੂਪਨਗਰ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਸਾਈਬਰ ਅਪਰਾਧ (ਵਿੱਤੀ ਧੋਖਾਧੜੀ) ਦੀ ਸ਼ਿਕਾਇਤ ਸਾਈਬਰ ਹੈਲਪ ਲਾਈਨ ਨੰਬਰ 1930 ’ਤੇ ਜਾਂ ਆਨਲਾਈਨ ਸ਼ਿਕਾਇਤ ਦਰਜ ਕੀਤੀ ਜਾ ਸਕਦੀ ਹੈ। ਇਸ ਮੌਕੇ ਐੱਸਪੀ ਨਵਦੀਪ ਸਿੰਘ ਮਾਹਲ, ਡੀਐੱਸਪੀ ਹਰਪਿੰਦਰ ਕੌਰ ਗਿੱਲ, ਐੱਸਐੱਚਓ ਗੁਰਪ੍ਰੀਤ ਸਿੰਘ, ਅੱੈਸਐੱਚਓ ਸਦਰ ਦੀਪਇੰਦਰ ਸਿੰਘ ਸਣੇ ਹੋਰ ਮੁਲਾਜ਼ਮ ਮੌਜੂਦ ਸਨ।