ਹਤਿੰਦਰ ਮਹਿਤਾ
ਜਲੰਧਰ, 29 ਜੂਨ
ਸੁਲਤਾਨਪੁਰ ਲੋਧੀ ਦੇ ਚੌਕ ਚੇਲੀਆਂ ਇਲਾਕੇ ’ਚ ਮਸ਼ਹੂਰ ਕਾਰੋਬਾਰੀ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਡੀਐੱਸਪੀ ਬਬਨਦੀਪ ਸਿੰਘ ਨੇ ਪੁਲੀਸ ਟੀਮ ਸਮੇਤ ਮੌਕੇ ’ਤੇ ਪੁੱਜ ਕੇ ਜਾਂਚ ਸ਼ੁਰੂ ਕੀਤੀ। ਪੁਲੀਸ ਟੀਮ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ’ਚ ਰਖਵਾਇਆ ਹੈ। ਦੱਸਿਆ ਜਾ ਰਿਹਾ ਹੈ ਕਿ 65 ਸਾਲਾ ਚਰਨਜੀਤ ਸਿੰਘ ਉਰਫ਼ ਚੰਨ ਵਾਸੀ ਚੌਕ ਚੇਲੀਆਂ ਨੇੜੇ ਮੁਹੱਲਾ ਨਈਆਂ ਹੈਂਡਲੂਮ ਦਾ ਕਾਰੋਬਾਰ ਕਰਦਾ ਸੀ। ਉਹ ਆਪਣੇ ਘਰ ਵਿੱਚ ਇਕੱਲਾ ਰਹਿੰਦਾ ਹੈ। ਜਦੋਂ ਅੱਜ ਸਵੇਰੇ ਉਹ ਆਪਣੀ ਦੁਕਾਨ ’ਤੇ ਨਹੀਂ ਪੁੱਜਿਆ ਤਾਂ ਉਸ ਦੇ ਦੋਸਤ ਉਸ ਨੂੰ ਘਰ ਮਿਲਣ ਆਏ। ਪਰ ਘਰ ਪਹੁੰਚ ਕੇ ਦੇਖਿਆ ਕਿ ਚਰਨਜੀਤ ਸਿੰਘ ਦੀ ਖੂਨ ਨਾਲ ਲਥਪੱਥ ਲਾਸ਼ ਫਰਸ਼ ’ਤੇ ਪਈ ਸੀ। ਮ੍ਰਿਤਕ ਦੇ ਸਿਰ ’ਤੇ ਵੀ ਡੂੰਘੀਆਂ ਸੱਟਾਂ ਦੇ ਨਿਸ਼ਾਨ ਸਨ। ਇਸ ਮਾਮਲੇ ਸਬੰਧੀ ਮ੍ਰਿਤਕ ਦੇ ਭਰਾ ਤੇਜਿੰਦਰ ਪਾਲ ਸਿੰਘ ਨੇ ਮੁਲਜ਼ਮਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਪੁਲੀਸ ਨੇ ਮ੍ਰਿਤਕ ਦੇ ਭਰਾ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕਰ ਲਿਆ ਹੈ। ਡੀਐੱਸਪੀ ਬਬਨਦੀਪ ਸਿੰਘ ਨੇ ਦੱਸਿਆ ਕਿ ਮਾਮਲਾ ਸ਼ੱਕੀ ਨਜ਼ਰ ਆ ਰਿਹਾ ਹੈ। ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਸਪੱਸ਼ਟ ਹੋ ਸਕੇਗਾ ਕਿ ਇਸ ਦਾ ਕਤਲ ਕਿਵੇਂ ਹੋਇਆ ਹੈ।