ਪੱਤਰ ਪ੍ਰੇਰਕ
ਗੁਰੂਸਰ ਸੁਧਾਰ, 30 ਜੂਨ
ਪਾਵਰਕਾਮ ਦੇ ਸਾਬਕਾ ਲਾਈਨਮੈਨ 82 ਸਾਲਾ ਬਜ਼ੁਰਗ ਬਲਵੰਤ ਸਿੰਘ ਪੁੱਤਰ ਲਾਲ ਸਿੰਘ ਵਾਸੀ ਪਿੰਡ ਹੇਰਾਂ ਦੇ ਬੈਂਕ ਖਾਤੇ ਵਿੱਚ 46 ਲੱਖ ਰੁਪਏ ਠੱਗੀ ਦੇ ਮਾਮਲੇ ਵਿੱਚ ਰਾਮਜੀਤ ਸਿੰਘ ਪੁੱਤਰ ਗੁਰਬਖ਼ਸ਼ ਸਿੰਘ ਵਾਸੀ ਪਿੰਡ ਲਮੋਚੜ ਜ਼ਿਲ੍ਹਾ ਫ਼ਾਜ਼ਿਲਕਾ ਅਤੇ ਸਰੂਪ ਸਿੰਘ ਪੁੱਤਰ ਲਛਮਣ ਸਿੰਘ ਵਾਸੀ ਪਿੰਡ ਚੱਕ ਵਜੀਦਾ ਜ਼ਿਲ੍ਹਾ ਫ਼ਾਜ਼ਿਲਕਾ ਖ਼ਿਲਾਫ਼ ਥਾਣਾ ਸੁਧਾਰ ਦੀ ਪੁਲੀਸ ਨੇ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ਵਿਰੁੱਧ ਭਾਰਤੀ ਦੰਡਾਵਲੀ ਦੀ ਧਾਰਾ 419, 420, 406, 120 ਬੀ ਅਤੇ ਸੂਚਨਾ ਟੈਕਨਾਲੋਜੀ ਕਾਨੂੰਨ ਦੀ ਧਾਰਾ 66 (ਡੀ) ਤਹਿਤ ਕੇਸ ਦਰਜ ਕਰ ਕੇ ਕਾਨੂੰਨੀ ਕਾਰਵਾਈ ਦੀ ਜ਼ਿੰਮੇਵਾਰੀ ਥਾਣਾ ਜੋਧਾਂ ਦੇ ਮੁਖੀ ਇੰਸਪੈਕਟਰ ਹੀਰਾ ਸਿੰਘ ਨੂੰ ਸੌਂਪੀ ਗਈ ਹੈ। ਬਜ਼ੁਰਗ ਬਲਵੰਤ ਸਿੰਘ ਦੀ ਸ਼ਿਕਾਇਤ ਦੀ ਜਾਂਚ ਜ਼ਿਲ੍ਹਾ ਪੁਲੀਸ ਮੁਖੀ ਨਵਨੀਤ ਸਿੰਘ ਬੈਂਸ ਵੱਲੋਂ ਉਪ ਪੁਲੀਸ ਕਪਤਾਨ (ਜਾਂਚ) ਸੰਦੀਪ ਵਡੇਰਾ ਨੂੰ ਸੌਂਪੀ ਗਈ ਸੀ। ਜਾਂਚ ਦੌਰਾਨ ਦੋਸ਼ਾਂ ਦੀ ਪੁਸ਼ਟੀ ਬਾਅਦ ਕੇਸ ਦਰਜ ਕੀਤਾ ਗਿਆ ਹੈ। ਕੈਨੇਡਾ ਵਾਸੀ ਪੀੜਤ ਬਲਵੰਤ ਸਿੰਘ ਅਨੁਸਾਰ ਸੇਵਾਮੁਕਤੀ ਬਾਅਦ ਉਹ 2013 ਵਿੱਚ ਕੈਨੇਡਾ ਗਿਆ ਸੀ।
ਉਮਰ ਭਰ ਦੀ ਕਮਾਈ, ਤਨਖ਼ਾਹ, ਸੇਵਾ ਲਾਭ ਅਤੇ ਹੋਰ ਬਕਾਏ ਜੋ ਵੀ ਵਿਭਾਗ ਤੋਂ ਮਿਲੇ ਸਾਰੇ ਬੈਂਕ ਖਾਤੇ ਵਿੱਚ ਜਮ੍ਹਾਂ ਸਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨਾ ਕਦੇ ਏਟੀਐੱਮ ਦੀ ਵਰਤੋਂ ਕੀਤੀ, ਨਾ ਕਦੇ ਚੈੱਕ-ਬੁੱਕ ਦੀ ਵਰਤੋਂ ਕੀਤੀ, ਨੈੱਟ ਬੈਂਕਿੰਗ ਤਾਂ ਦੂਰ ਦੀ ਗੱਲ। ਨਾ ਉਨ੍ਹਾਂ ਕਿਸੇ ਨੂੰ ਓਟੀਟੀ ਦਿੱਤਾ, ਨਾ ਕਿਸੇ ਸਾਈਬਰ ਠੱਗ ਦੇ ਝਾਂਸੇ ਵਿੱਚ ਆਏ। ਉਨ੍ਹਾਂ ਦੋਸ਼ ਲਾਇਆ ਕਿ ਮੁਲਜ਼ਮਾਂ ਨੇ ਸਿੱਧਾ ਬੈਂਕ ਰਾਹੀਂ ਹੀ ਡਾਕਾ ਮਾਰ ਲਿਆ। ਜਾਂਚ ਅਧਿਕਾਰੀ ਇੰਸਪੈਕਟਰ ਹੀਰਾ ਸਿੰਘ ਅਨੁਸਾਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਕਾਰਵਾਈ ਜਾਰੀ ਹੈ। ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਹੋਰ ਤੱਥ ਸਾਹਮਣੇ ਆਉਣ ’ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।