ਪੱਤਰ ਪ੍ਰੇਰਕ
ਪਟਿਆਲਾ, 30 ਜੂਨ
ਐੱਸਸੀ,ਬੀਸੀ ਅਧਿਆਪਕ ਯੂਨੀਅਨ ਪੰਜਾਬ ਦੇ ਆਗੂਆਂ ਵਿਚ ਪ੍ਰਧਾਨ ਬਲਜੀਤ ਸਿੰਘ ਸਲਾਣਾ, ਕਾਰਜਕਾਰੀ ਪ੍ਰਧਾਨ ਕ੍ਰਿਸ਼ਨ ਸਿੰਘ ਦੁੱਗਾਂ, ਜਨਰਲ ਸਕੱਤਰ ਲਛਮਣ ਸਿੰਘ ਨਬੀਪੁਰ ਤੇ ਵਿੱਤ ਸਕੱਤਰ ਗੁਰਪ੍ਰੀਤ ਸਿੰਘ ਗੁਰੂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਆਬਾਦੀ ਦੇ ਅਨੁਸਾਰ ਪੰਜਾਬ ’ਚ ਰਾਖਵਾਂਕਰਨਕਰਨ ਲਾਗੂ ਕਰੇ ਨਹੀਂ ਤਾਂ ਐੱਸਸੀ ਤੇ ਬੀਸੀ ਵਰਗ ਸੰਘਰਸ਼ ਕਰਨ ਦੇ ਰਾਹ ’ਤੇ ਪੈਣ ਲਈ ਮਜਬੂਰ ਹੋਵੇਗਾ।
ਉਨ੍ਹਾਂ ਆਖਿਆ ਕਿ 2011 ਦੀ ਮਰਦਮਸ਼ੁਮਾਰੀ ਅਨੁਸਾਰ ਪੰਜਾਬ ’ਚ ਐੱਸਸੀ ਵਰਗ ਦੀ ਜਨਸੰਖਿਆ 31.94 ਫ਼ੀਸਦੀ ਸੀ। ਇਸ ਅਨੁਸਾਰ ਰਾਜਨੀਤਕ ਰਾਖਵਾਂਕਰਨ ਤਹਿਤ ਪੰਜਾਬ ਵਿਧਾਨ ਸਭਾ ਦੀਆਂ ਰਿਜ਼ਰਵ ਸੀਟਾਂ ਦੀ ਗਿਣਤੀ 29 ਤੋਂ ਵਧਾ ਕੇ 34 ਕਰ ਦਿੱਤੀ ਗਈ ਪਰ ਸਰਕਾਰੀ ਨੌਕਰੀਆਂ ਵਿੱਚ ਐੱਸਸੀ ਵਰਗਾਂ ਦਾ ਰਾਖਵਾਂਕਰਨ ਨਹੀਂ ਵਧਾਇਆ ਗਿਆ। ਇਸ ਦੇ ਨਾਲ਼ ਹੀ ਆਗੂਆਂ ਨੇ ਮੁੱਖ ਮੰਤਰੀ ਤੋਂ ਬੀਸੀ ਵਰਗਾਂ ਦੀ ਮੰਡਲ ਕਮਿਸ਼ਨ ਰਿਪੋਰਟ ਨੂੰ ਪੰਜਾਬ ਵਿੱਚ ਤੁਰੰਤ ਲਾਗੂ ਕਰਨ ਤੇ ਪਛੜੀਆਂ ਸ਼੍ਰੇਣੀਆਂ ਦੇ ਲੋਕਾਂ ਨੂੰ ਸਰਕਾਰੀ ਨੌਕਰੀਆਂ ਅਤੇ ਦਾਖ਼ਲਿਆਂ ਵਿੱਚ 27 ਫ਼ੀਸਦੀ ਰਾਖਵਾਂਕਰਨ ਦੇਣ ਦੀ ਪੁਰਜ਼ੋਰ ਮੰਗ ਕੀਤੀ।