ਪੱਤਰ ਪ੍ਰੇਰਕ
ਸਮਾਣਾ, 30 ਜੂਨ
ਸਮਾਣਾ-ਪਟਿਆਲਾ ਸੜਕ ’ਤੇ ਸਥਿਤ ਆਰੋਸ਼ ਹੋਟਲ ’ਚ ਲੋਕਾਂ ਨੂੰ ਸ਼ਰਾਬ ਪਿਲਾਉਣ ਦੇ ਦੋਸ਼ ਹੇਠ ਸਿਟੀ ਪੁਲੀਸ ਵੱਲੋਂ ਸ਼ਨਿਚਰਵਾਰ ਰਾਤ ਛਾਪਾ ਮਾਰ ਕੇ ਹੋਟਲ ਠੇਕੇਦਾਰ ਜਵਾਹਰ ਲਾਲ ਨਿਵਾਸੀ ਕੇਸ਼ਵ ਨਗਰ ਸਮਾਣਾ ਦੇ ਖ਼ਿਲਾਫ਼ ਕੇਸ ਦਰਜ ਕਰਕੇ ਹਿਰਾਸਤ ਵਿਚ ਲੈ ਲਿਆ ਹੈ। ਪੁਲੀਸ ਅਨੁਸਾਰ ਹੋਟਲ ਦੇ ਕੋਲ ਸ਼ਰਾਬ ਪਿਲਾਉਣ ਦਾ ਲਾਇਸੈਂਸ ਨਾ ਹੋਣ ਦੇ ਬਾਵਜੂਦ ਲੋਕਾਂ ਨੂੰ ਸ਼ਰਾਬ ਪਿਲਾਉਣ ਦੀ ਸੂਚਨਾ ਮਿਲਣ ’ਤੇ ਠੇਕੇਦਾਰ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਪੁਲੀਸ ਦੇ ਛਾਪੇ ਦੌਰਾਨ ਹੋਟਲ ਵਿਚ ਖਾਣਾ ਖਾ ਰਹੇ ਸ਼ਹਿਰ ਦੇ ਕਰੀਬ ਇਕ ਦਰਜਨ ਨੌਜਵਾਨਾਂ ਨੂੰ ਵੀ ਪੁਲੀਸ ਵੱਲੋਂ ਥਾਣੇ ਲਿਆਂਦਾ ਗਿਆ, ਜਿਥੇ ਭਾਰੀ ਗਿਣਤੀ ਵਿਚ ਪਹੁੰਚੇ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਪੁਲੀਸ ਖ਼ਿਲਾਫ਼ ਨਾਅਰੇਬਾਜੀ ਕਰਨ ਉਪਰੰਤ ਥਾਣੇ ਲਿਆਂਦੇ ਗਏ ਨੌਜਵਾਨਾਂ ਨੂੰ ਦੇਰ ਰਾਤ ਰਿਹਾਅ ਕਰ ਦਿੱਤਾ ਗਿਆ।