ਨਿੱਜੀ ਪੱਤਰ ਪ੍ਰੇਰਕ
ਜਲੰਧਰ, 30 ਜੂਨ
ਜਲੰਧਰ ਸ਼ਹਿਰ ਦੇ ਮਸ਼ਹੂਰ ਵਪਾਰੀ ਅਤੇ ਸਮਾਜ ਸੇਵੀ ਰਾਜ ਕੁਮਾਰ ਕਲਸੀ ਅੱਜ ਪੰਜਾਬ ਸਰਕਾਰ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ‘ਆਪ’ ਵਿੱਚ ਸ਼ਾਮਲ ਹੋ ਗਏ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਰਸਮੀ ਤੌਰ ’ਤੇ ਰਾਜ ਕੁਮਾਰ ਕਲਸੀ ਨੂੰ ਆਮ ਆਦਮੀ ਪਾਰਟੀ ’ਚ ਸ਼ਾਮਲ ਕਰਕੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਮੁੱਚਾ ਜਲੰਧਰ ਆਮ ਆਦਮੀ ਪਾਰਟੀ ਦੇ ਨਾਲ ਖੜ੍ਹਾ ਹੈ। ਪੰਜਾਬ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਤੋਂ ਆਮ ਲੋਕ ਬੇਹੱਦ ਪ੍ਰਭਾਵਿਤ ਹਨ। ਉਨ੍ਹਾਂ ਕਿਹਾ ਕਿ 2022 ਦੀਆਂ ਚੋਣਾਂ ’ਚ ਵੀ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਤੋਂ ਲੋਕਾਂ ਨੇ ‘ਆਪ’ ਉਮੀਦਵਾਰ ਨੂੰ ਜਿਤਾਇਆ ਸੀ, ਪਰ ਉਸ ਪਾਰਟੀ ਨਾਲ ਧੋਖਾਧੜੀ ਅਤੇ ਜਨਤਾ ਦੇ ਫਤਵੇ ਦਾ ਨਿਰਾਦਰ ਕਰ ਗਿਆ। ਉਨ੍ਹਾਂ ਕਿਹਾ ਕਿ ਹਲਕੇ ਦੇ ਲੋਕ ਹੁਣ ਭਾਜਪਾ ਵਿੱਚ ਗਏ ਇਸ ਧੋਖੇਬਾਜ਼ ਉਮੀਦਵਾਰ ਨੂੰ ਸਬਕ ਸਿਖਾਉਣਗੇ। ਉਨ੍ਹਾਂ ਕਿਹਾ ਕਿ ਲੋਕਾਂ ’ਤੇ ਪੂਰਾ ਭਰੋਸਾ ਹੈ ਕਿ ਇਸ ਵਾਰ ਵੀ ਇਸ ਹਲਕੇ ਤੋਂ ‘ਆਪ’ ਉਮੀਦਵਾਰ ਮਹਿੰਦਰ ਭਗਤ ਨੂੰ ਭਾਰੀ ਬਹੁਮਤ ਨਾਲ ਜਿੱਤਾਉਣਗੇ ਅਤੇ ਧੋਖੇਬਾਜ਼ਾਂ ਨੂੰ ਮੂੰਹ ਤੋੜਵਾਂ ਜਵਾਬ ਦੇਣਗੇ।