ਨਵੀਂ ਦਿੱਲੀ, 30 ਜੂਨ
ਕੌਮੀ ਜਾਂਚ ਏਜੰਸੀ ਨੇ ਰਿਆਸੀ ਅਤਿਵਾਦੀ ਹਮਲੇ ਦੇ ਮਾਮਲੇ ’ਚ ਅੱਜ ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ’ਚ ਕਈ ਥਾਵਾਂ ’ਤੇ ਛਾਪੇ ਮਾਰੇ। ਐੱਨਆਈਏ ਵੱਲੋਂ ਜਾਰੀ ਇੱਕ ਬਿਆਨ ’ਚ ਕਿਹਾ ਗਿਆ ਹੈ ਕਿ ਤਲਾਸ਼ੀ ਦੌਰਾਨ ਅਤਿਵਾਦੀਆਂ ਤੇ ਓਵਰ ਗਰਾਊਂਡ ਵਰਕਰਾਂ ਨਾਲ ਸਬੰਧਤ ਵਸਤਾਂ ਜ਼ਬਤ ਕੀਤੀਆਂ ਗਈਆਂ ਹਨ। ਜ਼ਿਕਰਯੋਗ ਹੈ ਕਿ ਅਤਿਵਾਦੀਆਂ ਨੇ 9 ਜੂਨ ਦੀ ਸ਼ਾਮ ਨੂੰ ਰਿਆਸੀ ਜ਼ਿਲ੍ਹੇ ਦੇ ਪੌਨੀ ਇਲਾਕੇ ਵਿੱਚ ਸ਼ਿਵ ਖੋੜੀ ਤੋਂ ਕੱਟੜਾ ਤੱਕ ਮੁਸਾਫ਼ਰਾਂ ਨੂੰ ਲਿਜਾ ਰਹੀ ਇੱਕ ਬੱਸ ’ਤੇ ਗੋਲੀਆਂ ਚਲਾਈਆਂ ਸਨ, ਜਿਸ ਮਗਰੋਂ ਬੱਸ ਖੱਡ ਵਿੱਚ ਡਿੱਗ ਗਈ ਸੀ। ਇਸ ਹਮਲੇ ’ਚ ਇੱਕ ਬੱਚੇ ਸਮੇਤ ਨੌਂ ਜਣਿਆਂ ਦੀ ਮੌਤ ਹੋ ਗਈ ਸੀ। ਕੇਂਦਰੀ ਗ੍ਰਹਿ ਮੰਤਰਾਲੇ ਦੇ ਹੁਕਮਾਂ ’ਤੇ 15 ਜੂਨ ਨੂੰ ਜਾਂਚ ਆਪਣੇ ਹੱਥ ਲੈਣ ਵਾਲੀ ਐੱਨਆਈਏ ਨੇ ਹਾਈਬ੍ਰਿਡ ਅਤਿਵਾਦੀਆਂ ਤੇ ਓਵਰ ਗਰਾਊਂਡ ਵਰਕਰਾਂ ਨਾਲ ਸਬੰਧਤ ਥਾਵਾਂ ਦੀ ਤਲਾਸ਼ੀ ਲਈ ਹੈ।
ਐੱਨਆਈਏ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਹਾਕਮ ਖਾਨ ਉਰਫ਼ ਹਾਕਿਨ ਦੀਨ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਆਧਾਰ ’ਤੇ ਇਹ ਛਾਪੇ ਮਾਰੇ ਗਏ ਹਨ। ਕੇਂਦਰੀ ਏਜੰਸੀ ਵੱਲੋਂ ਕੀਤੀ ਗਈ ਜਾਂਚ ਅਨੁਸਾਰ ਹਾਕਮ ਨੇ ਅਤਿਵਾਦੀਆਂ ਨੂੰ ਪਨਾਹ, ਖਾਣਾ ਤੇ ਹੋਰ ਸਾਮਾਨ ਮੁਹੱਈਆ ਕੀਤਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਛਾਪਿਆਂ ਦੌਰਾਨ ਬਰਾਮਦ ਸਮੱਗਰੀ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। -ਪੀਟੀਆਈ