ਅਮਰਾਵਤੀ, 30 ਜੁਲਾਈ
ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐੱਨ ਚੰਦਰਬਾਬੂ ਨਾਇਡੂ ਨੇ ਅੱਜ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਦੀ ਨਵੀਂ ਕਿਸ਼ਤ ’ਚ ਸੂਬੇ ਦੀ ਅਰਾਕੂ ਕੌਫੀ ਦੀ ਹਮਾਇਤ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਹੈ। ਪ੍ਰਧਾਨ ਮੰਤਰੀ ਨੇ 2016 ਦੀਆਂ ਦੋ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ ਜਿਨ੍ਹਾਂ ਵਿੱਚ ਉਹ, ਨਾਇਡੂ ਤੇ ਹੋਰਾਂ ਨਾਲ ਵਿਸ਼ਾਖਾਪਟਨਮ ’ਚ ਅਰਾਕੂ ਕੌਫੀ ਦਾ ਆਨੰਦ ਮਾਣਦੇ ਹੋਏ ਦਿਖਾਈ ਦੇ ਰਹੇ ਹਨ। ਪ੍ਰਧਾਨ ਮੰਤਰੀ ਦੀ ਪੋਸਟ ਦਾ ਜਵਾਬ ਦਿੰਦਿਆਂ ਨਾਇਡੂ ਨੇ ਐਕਸ ’ਤੇ ਕਿਹਾ, ‘ਨਰਿੰਦਰ ਮੋਦੀ ਜੀ ਇਹ ਸਾਂਝਾ ਕਰਨ ਅਤੇ ਆਂਧਰਾ ਪ੍ਰਦੇਸ਼ ਦੇ ਉਤਪਾਦ ਦੀ ਹਮਾਇਤ ਕਰਨ ਲਈ ਸ਼ੁਕਰੀਆ। ਮੈਂ ਤੁਹਾਡੇ ਨਾਲ ਇੱਕ ਕੱਪ ਹੋਰ ਕੌਫੀ ਪੀਣਾ ਚਾਹਾਂਗਾ।’
ਆਪਣੇ ਰੇਡੀਓ ਪ੍ਰੋਗਰਾਮ ਦੌਰਾਨ ਮੋਦੀ ਨੇ ਕਿਹਾ ਕਿ ਉਹ ਅਰਾਕੂ ਕੌਫੀ ਦੇ ਪ੍ਰਸ਼ੰਸਕ ਹਨ ਅਤੇ ਇਹ ਦੀ ਪੈਦਾਵਾਰ ਕਬਾਇਲੀ ਸ਼ਕਤੀਕਰਨ ਨਾਲ ਸਬੰਧਤ ਹੈ। ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਦਾ ਕਹਿਣਾ ਹੈ ਕਿ ਕਬਾਇਲੀ ਭੈਣਾਂ ਤੇ ਭਰਾਵਾਂ ਵੱਲੋਂ ਅਰਾਕੂ ਕੌਫੀ ਦੀ ਕਾਸ਼ਤ ਬਹੁਤ ਹੀ ਪਿਆਰ ਤੇ ਸ਼ਿੱਦਤ ਨਾਲ ਕੀਤੀ ਜਾਂਦੀ ਹੈ। ਅਰਾਕੂ ਘਾਟੀ ਆਂਧਰਾ ਪ੍ਰਦੇਸ਼ ਦੇ ਅੱਲੁਰੀ ਸੀਤਰਾਮਾ ਰਾਜੂ ਜ਼ਿਲ੍ਹੇ ਦੀ ਪਾਦੇਰੂ ਸਬ-ਡਿਵੀਜ਼ਨ ’ਚ ਸਥਿਤ ਹੈ। -ਪੀਟੀਆਈ