ਸੰਤੋਖ ਗਿੱਲ
ਗੁਰੂਸਰ ਸੁਧਾਰ, 30 ਜੂਨ
ਦੋ ਦੋਸਤਾਂ ਵੱਲੋਂ ਨਸ਼ੇ ਦਾ ਟੀਕਾ ਲਾਉਣ ਬਾਅਦ ਕਸਬਾ ਸੁਧਾਰ ਦੇ ਨਿੱਜੀ ਹਸਪਤਾਲ ਵਿੱਚ ਜ਼ਿੰਦਗੀ ਦੀ ਲੜਾਈ ਲੜ ਰਹੇ ਪਿੰਡ ਕੈਲੇ ਵਾਸੀ ਜਤਿੰਦਰ ਸਿੰਘ (32) ਨੇ ਐਤਵਾਰ ਸਵੇਰੇ ਦਮ ਤੋੜ ਦਿੱਤਾ। ਸੁਧਾਰ ਪੁਲੀਸ ਨੇ ਸ਼ੁੱਕਰਵਾਰ ਨੂੰ ਹੀ ਜਤਿੰਦਰ ਸਿੰਘ ਦੇ ਪਿਤਾ ਗੁਰਪਾਲ ਸਿੰਘ ਦੇ ਬਿਆਨਾਂ ’ਤੇ ਪਿੰਡ ਕੈਲੇ ਦੇ ਹੀ ਨਵਦੀਪ ਸਿੰਘ ਉਰਫ਼ ਨਵੂ ਅਤੇ ਪਿੰਡ ਹਲਵਾਰਾ ਵਾਸੀ ਅਣਪਛਾਤੇ ਨੌਜਵਾਨ ਖ਼ਿਲਾਫ਼ ਕੇਸ ਦਰਜ ਕਰ ਕੇ ਨਵੂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਜਗਰਾਉਂ ਦੀ ਹੇਠਲੀ ਅਦਾਲਤ ਨੇ ਉਸ ਦਾ ਦੋ ਦਿਨਾਂ ਪੁਲੀਸ ਰਿਮਾਂਡ ਦਿੱਤਾ ਹੈ।
ਉੱਧਰ ਥਾਣਾ ਸੁਧਾਰ ਦੇ ਮੁਖੀ ਸਬ-ਇੰਸਪੈਕਟਰ ਜਸਵਿੰਦਰ ਸਿੰਘ ਨੇ ਮ੍ਰਿਤਕ ਦੇ ਪਿਤਾ ਗੁਰਪਾਲ ਸਿੰਘ ਅਤੇ ਪੰਚਾਇਤ ਨੂੰ ਮੁਕੱਦਮੇ ਦੀ ਧਾਰਾ ਵਿੱਚ ਵਾਧਾ ਕਰਨ ਲਈ ਪੋਸਟਮਾਰਟਮ ਰਿਪੋਰਟ ਦਾ ਇੰਤਜ਼ਾਰ ਕਰਨ ਦਾ ਫ਼ਰਮਾਨ ਸੁਣਾ ਦਿੱਤਾ ਹੈ।
ਗੁਰਪਾਲ ਸਿੰਘ ਨੇ ਦੋਸ਼ ਲਾਇਆ ਸੀ ਕਿ ਜਤਿੰਦਰ ਸਿੰਘ ਦੇ ਦੋ ਦੋਸਤ 16 ਜੂਨ ਨੂੰ ਉਸ ਨੂੰ ਮੋਟਰਸਾਈਕਲ ਉੱਪਰ ਬਿਠਾ ਕੇ ਪੱਖੋਵਾਲ ਲੈ ਗਏ ਸਨ ਪਰ ਉਹ ਉਸ ਨੂੰ ਘਰ ਨਹੀਂ ਛੱਡ ਕੇ ਗਏ ਸਗੋਂ ਪਿੰਡ ਦਾ ਇਕ ਹੋਰ ਵਿਅਕਤੀ ਉਸ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਘਰ ਛੱਡ ਕੇ ਗਿਆ ਸੀ। ਉਸੇ ਦਿਨ ਤੋਂ ਹੀ ਜਤਿੰਦਰ ਸਿੰਘ ਹਸਪਤਾਲ ਵਿੱਚ ਜ਼ਿੰਦਗੀ ਦੀ ਲੜਾਈ ਲੜ ਰਿਹਾ ਸੀ।