ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 1 ਜੁਲਾਈ
ਭਾਰਤ ਦੇ ਖਿਡਾਰੀਆਂ ਨੇ ਪੈਰਿਸ ਓਲੰਪਿਕ-2024 ਲਈ ਤਿਆਰੀਆਂ ਖਿੱਚ ਲਈਆਂ ਹਨ, ਜਿਨ੍ਹਾਂ ਨੂੰ ਅੱਜ ਅਥਲੈਟਿਕਸ ਫੈੱਡਰੇਸ਼ਨ ਆਫ ਇੰਡੀਆ ਤੇ ਐੱਚਐੱਸਬੀਸੀ ਨੇ ਚੰਡੀਗੜ੍ਹ ਵਿੱਚ ਵਧਾਈ ਦਿੱਤੀ। ਇਸ ਮੌਕੇ ਓਲੰਪਿਕ ਸੋਨ ਤਮਕਾ ਜੇਤੂ ਅਭਿਨਵ ਬਿੰਦਰਾ ਵਿਸ਼ੇਸ਼ ਤੌਰ ’ਤੇ ਮੌਜੂਦ ਹੋਏ। ਸ੍ਰੀ ਬਿੰਦਰਾ ਨੇ ਖਿਡਾਰੀਆਂ ਦੀ ਹੌਸਲਾ-ਅਫਜਾਈ ਕੀਤੀ ਅਤੇ ਪੈਰਿਸ ਓਲੰਪਿਕ ਵਿੱਚ ਜਿੱਤ ਕੇ ਭਾਰਤ ਦਾ ਨਾਮ ਦੁਨੀਆਂ ਭਰ ਵਿੱਚ ਰੋਸ਼ਨ ਕਰਨ ਦੀ ਅਪੀਲ ਕੀਤੀ।
ਅਥਲੈਟਿਕ ਫੈਡਰੇਸ਼ਨ ਆਫ਼ ਇੰਡੀਆ ਦੇ ਪ੍ਰਧਾਨ ਆਦਿਲ ਜੇ ਸੁਮਾਰੀਵਾਲਾ ਵੀ ਵਿਸ਼ੇਸ਼ ਤੌਰ ’ਤੇ ਪਹੁੰਚੇ। ਸ੍ਰੀ ਸੁਮਾਰੀਵਾਲਾ ਨੇ ਕਿਹਾ ਕਿ ਪੈਰਿਸ ਓਲੰਪਿਕਸ ਲਈ ਦੇਸ਼ ਦੇ ਸਭ ਤੋਂ ਵਧੀਆ ਖਿਡਾਰੀਆਂ ਦੀ ਚੋਣ ਕੀਤੀ ਗਈ ਹੈ। ਇਨ੍ਹਾਂ ਦੇ ਟਰੈਨਿੰਗ ਕੈਂਪ ਦੋ ਜੁਲਾਈ ਤੋਂ ਪਟਿਆਲਾ ਵਿੱਚ ਸ਼ੁਰੂ ਹੋਣਗੇ। ਉਨ੍ਹਾਂ ਨੇ ਪੈਰਿਸ ਓਲੰਪਿਕ ਲਈ ਚੁਣੇ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਆਸ ਪ੍ਰਗਟਾਈ ਕਿ ਭਾਰਤ ਦੇ ਖਿਡਾਰੀ ਓਲੰਪਿਕ ਖੇਡਾਂ ਵਿੱਚ ਤਗ਼ਮੇ ਜਿੱਤ ਕੇ ਭਾਰਤ ਦਾ ਨਾਮ ਦੁਨੀਆਂ ਭਰ ਵਿੱਚ ਰੋਸ਼ਨ ਕਰਨਗੇ। ਇਸ ਮੌਕੇ ਪਾਰੁਲ ਚੌਧਰੀ (ਟਰੈਕਐਂਡ ਫੀਲਡ), ਅੰਨੂ ਰਾਣੀ (ਜੈਵਲਿਨ), ਜੋਤੀ (ਹਰਡੇਲਸ), ਜੇਸਵਿਨ ਐਲਡਰਿਨ (ਲੌਂਗ ਜੰਪ), ਪ੍ਰਵੀਨ ਚਿਤਰਵੇਲ (ਟਰਿਪਲ ਜੰਪ), ਤਜਿੰਦਰਪਾਲ ਸਿੰਘ ਤੂਰ (ਸ਼ਾਟਪੁਟ) ਸਣੇ ਦੋ ਦਰਜਨ ਤੋਂ ਵੱਧ ਅਥਲੀਟ ਮੌਜੂਦ ਰਹੇ।