ਪੱਤਰ ਪ੍ਰੇਰਕ
ਬਰੇਟਾ, 1 ਜੁਲਾਈ
ਨਗਰ ਕੌਂਸਲ ਬਰੇਟਾ ਦੇ ਸਫ਼ਾਈ ਕਰਮਚਾਰੀਆਂ ਵੱਲੋਂ ਮੰਗਾਂ ਦੇ ਹੱਕ ਵਿੱਚ ਆਪਣਾ ਕੰਮ ਬੰਦ ਰੱਖ ਕੇ ਨਗਰ ਕੌਂਸਲ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਗਿਆ। ਸਫ਼ਾਈ ਸੇਵਕ ਯੂਨੀਅਨ ਪੰਜਾਬ ਬਰੇਟਾ ਦੇ ਪ੍ਰਧਾਨ ਸਤੀਸ਼ ਕੁਮਾਰ ਨੇ ਦੱਸਿਆ ਕਿ ਸਫ਼ਾਈ ਸੇਵਕ ਦੀਆਂ ਅਸਾਮੀਆਂ ’ਤੇ ਆਊਟਸੋਰਸਿੰਗ ਖਤਮ ਕਰ ਕੇ ਵਿਭਾਗ ਅਧੀਨ ਕਰਨ ਸਬੰਧੀ ਭਰਤੀ ਨੋਟਿਸ ਸਰਕਾਰ ਵੱਲੋਂ ਸਾਲ 2021 ਵਿੱਚ ਜਾਰੀ ਕੀਤਾ ਗਿਆ ਸੀ। ਇਸ ਸਬੰਧੀ ਡਾਕੂਮੈਂਟ ਵੈਰੀਫਿਕੇਸ਼ਨ ਹੋ ਚੁੱਕੀ ਹੈ, ਪਰ ਹੁਣ ਤੱਕ ਵੀ ਇਹ ਭਰਤੀ ਪੈਂਡਿੰਗ ਚੱਲ ਰਹੀ ਹੈ ਜਿਸ ਦੇ ਰੋਸ ਵਜੋਂ ਇਹ ਧਰਨਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਫ਼ਾਈ ਕਰਮਚਾਰੀਆਂ ਦੀਆਂ ਤਨਖਾਹਾਂ ਚਾਰ-ਚਾਰ ਮਹੀਨੇ ਤੋਂ ਬਕਾਇਆ ਚੱਲ ਰਹੀਆਂ ਹਨ ਜਿਸ ਕਾਰਨ ਉਨ੍ਹਾਂ ਨੂੰ ਘਰ ਦਾ ਗੁਜ਼ਾਰਾ ਕਰਨਾ ਮੁਸ਼ਕਲ ਹੋ ਰਿਹਾ ਹੈ। ਕਰਮਚਾਰੀਆਂ ਨੇ ਮੰਗ ਕੀਤੀ ਕਿ ਉਨ੍ਹਾਂ ਦੀਆਂ ਮੰਗਾਂ ਤੁਰੰਤ ਮੰਨੀਆਂ ਜਾਣ। ਇਸ ਮੌਕੇ ਸਫ਼ਾਈ ਕਰਮਚਾਰੀ ਯੂਨੀਅਨ ਦੇ ਉਪ ਪ੍ਰਧਾਨ ਪ੍ਰਵੀਨ ਸਿੰਘ, ਗੁਰਪ੍ਰੀਤ ਸਿੰਘ ਜ਼ਿਲ੍ਹਾ ਖਜ਼ਾਨਚੀ ਸੋਨੂ ਸਿੰਘ, ਸੰਜੇ ਸਿੰਘ, ਰਾਣੀ ਕੌਰ ਸੀਨੀਅਰ ਮੀਤ ਪ੍ਰਧਾਨ, ਕਿਰਨ ਕੌਰ ਤੇ ਲੱਛਮੀ ਦੇਵੀ ਹਾਜ਼ਰ ਸਨ।