ਨਵੀਂ ਦਿੱਲੀ: ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਕੇਂਦਰੀ ਕਿਰਤ ਮੰਤਰਾਲੇ ਅਤੇ ਤਾਮਿਲਨਾਡੂ ਸਰਕਾਰ ਨੂੰ ਨੋਟਿਸ ਜਾਰੀ ਕਰ ਕੇ ਪੁੱਛਿਆ ਹੈ ਕਿ ਇਕ ਪ੍ਰਮੁੱਖ ਇਲੈਕਟ੍ਰਾਨਿਕ ਉਪਕਰਣ ਦੇ ਸ੍ਰੀਪੇਰੰਬਦੂਰ ਸਥਿਤ ਪਲਾਂਟ ਵਿੱਚੋਂ ਕਥਿਤ ਤੌਰ ’ਤੇ ਵਿਆਹੀਆਂ ਔਰਤਾਂ ਨੂੰ ਨੌਕਰੀਆਂ ਤੋਂ ਬਾਹਰ ਕਿਉਂ ਰੱਖਿਆ ਗਿਆ ਹੈ। ਕਮਿਸ਼ਨ ਨੇ ਸਪਸ਼ਟ ਕੀਤਾ ਹੈ ਕਿ ਲਿੰਗ ਆਧਾਰ ’ਤੇ ਭੇਦਭਾਵ ਕਰਨਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਹੈ। ਲਿੰਗ ਸਮਾਨਤਾ ਨਾ ਸਿਰਫ਼ ਭਾਰਤੀ ਸੰਵਿਧਾਨ ਵਿਚ ਜ਼ਰੂਰੀ ਹੈ, ਸਗੋਂ ਅੰਤਰਰਾਸ਼ਟਰੀ ਸੰਧੀ ਅਤੇ ਇਕਰਾਰਨਾਮੇ ਤਹਿਤ ਵੀ ਜ਼ਰੂਰੀ ਹੈ। ਕਮਿਸ਼ਨ ਨੇ ਕੁਝ ਮੀਡੀਆ ਰਿਪੋਰਟਾਂ ਦਾ ਖੁਦ ਨੋਟਿਸ ਲੈਂਦਿਆਂ ਇਸ ਸਬੰਧੀ ਜਵਾਬ ਮੰਗਿਆ ਹੈ। -ਪੀਟੀਆਈ