ਪਾਲ ਸਿੰਘ ਨੌਲੀ/ਹਤਿੰਦਰ ਮਹਿਤਾ
ਜਲੰਧਰ, 1 ਜੁਲਾਈ
ਲੇਖਕਾ ਅਰੁੰਧਤੀ ਰਾਏ, ਜਮਹੂਰੀ ਹੱਕਾਂ ਦੇ ਝੰਡਾ ਬਰਦਾਰ ਪ੍ਰੋ. ਸ਼ੌਕਤ ਹੁਸੈਨ ’ਤੇ ਯੂਏਪੀਏ ਤਹਿਤ ਕੇਸ ਮੜ੍ਹਨ ਦੀ ਮਨਜ਼ੂਰੀ ਰੱਦ ਕਰਨ ਤੇ ਨਵੇਂ ਫੌਜਦਾਰੀ ਕਾਨੂੰਨ ਵਾਪਸ ਲੈਣ ਦੀ ਮੰਗ ਲਈ ਜਮਹੂਰੀ, ਤਰਕਸ਼ੀਲ, ਮਜ਼ਦੂਰ, ਕਿਸਾਨ, ਦੇਸ਼ ਭਗਤ, ਸਾਹਿਤ ਅਤੇ ਕਲਾ ਨਾਲ ਜੁੜੀਆਂ ਜਥੇਬੰਦੀਆਂ ਨੇ ਅੱਜ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿੱਚ ਗ਼ਦਰੀ ਬੀਬੀ ਗੁਲਾਬ ਕੌਰ ਹਾਲ ਵਿੱਚ ਗੰਭੀਰ ਵਿਚਾਰ-ਚਰਚਾ ਕਰਨ ਉਪਰੰਤ ਡਿਪਟੀ ਕਮਿਸ਼ਨਰ ਦਫ਼ਤਰ ਤੱਕ ਮਾਰਚ ਕਰਕੇ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ ਦਿੱਤਾ। ਇਸ ਮਗਰੋਂ ਫੌਜਦਾਰੀ ਕਾਨੂੰਨਾਂ ਦੀਆਂ ਕਾਪੀਆਂ ਸਾੜਕੇ ਜ਼ਬਰਦਸਤ ਰੋਸ ਵਿਖਾਵਾ ਕੀਤਾ। ਦੇਸ਼ ਭਗਤ ਯਾਦਗਾਰ ਹਾਲ ਵਿੱਚ ਹੋਈ ਵਿਚਾਰ-ਚਰਚਾ ਅਤੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਰੈਲੀ ਮੌਕੇ ਕਰਮਵਾਰ ਜਮਹੂਰੀ ਅਧਿਕਾਰ ਸਭਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਜਸਵਿੰਦਰ ਭੋਗਲ ਅਤੇ ਤਰਕਸ਼ੀਲ ਆਗੂ ਸੁਰਜੀਤ ਟਿੱਬਾ ਨੇ ਸੰਬੋਧਨ ਕੀਤਾ। ਜਮਹੂਰੀ ਅਧਿਕਾਰ ਸਭਾ ਦੇ ਜ਼ਿਲ੍ਹਾ ਸਕੱਤਰ ਡਾ. ਮੰਗਤ ਰਾਏ ਨੇ ਪੰਜਾਬ ਭਰ ਦੀਆਂ ਤਿੰਨ ਦਰਜਨ ਤੋਂ ਵੱਧ ਸੰਸਥਾਵਾਂ ਦੇ ਪ੍ਰਤੀਨਿੱਧਾਂ ਦੇ ਆਧਾਰ ’ਤੇ ਬਣੀ ਕਮੇਟੀ ਵੱਲੋਂ ਮੰਗ ਪੱਤਰ ਪੜ੍ਹਕੇ ਸੁਣਾਇਆ ਜੋ ਹਾਜ਼ਰ ਜਥੇਬੰਦੀਆਂ ਵੱਲੋਂ ਡਿਪਟੀ ਕਮਿਸ਼ਨਰ ਜਲੰਧਰ ਰਾਹੀਂ ਰਾਸ਼ਟਰਪਤੀ ਨੂੰ ਭੇਜਿਆ ਗਿਆ। ਹੁਸ਼ਿਆਰਪੁਰ (ਹਰਪ੍ਰੀਤ ਕੌਰ): ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵਲੋਂ ਜ਼ਿਲ੍ਹਾ ਪ੍ਰਧਾਨ ਮਾਸਟਰ ਸ਼ਿੰਗਾਰਾ ਸਿੰਘ ਅਤੇ ਸੁਖਜੀਤ ਸਿੰਘ ਦੀ ਅਗਵਾਈ ਹੇਠ ਬੁੱਲ੍ਹੋਵਾਲ ਬੱਸ ਅੱਡੇ ’ਤੇ ਨਵੇਂ ਫੌਜਦਾਰੀ ਕਾਨੂੰਨਾਂ ਖ਼ਿਲਾਫ਼ ਮੁਜ਼ਾਹਰਾ ਕੀਤਾ ਗਿਆ ਤੇ ਕਾਨੂੰਨਾਂ ਦੀਆਂ ਕਾਪੀਆਂ ਫੂਕੀਆਂ ਗਈਆਂ। ਇਸ ਮੌਕੇ ਯੂਨੀਅਨ ਆਗੂ ਰਾਜਿੰਦਰ ਸਿੰਘ, ਪਰਮਜੀਤ ਸਿੰਘ ਕਾਲਕਟ ਤੇ ਸ਼ਿੰਗਾਰਾ ਸਿੰਘ ਨੇ ਨਵੇਂ ਫੌਜਦਾਰੀ ਕਾਨੂੰਨਾਂ ਦੀ ਨਿਖੇਧੀ ਕਰਦਿਆਂ ਇਨ੍ਹਾਂ ਨੂੰ ਸਰਕਾਰ ਦੀਆਂ ਲੋਕਮਾਰੂ ਨੀਤੀਆਂ ਖਿਲਾਫ਼ ਉੱਠਣ ਵਾਲੀ ਆਵਾਜ਼ ਦਬਾਉਣ ਵਾਲੇ ਕਰਾਰ ਦਿੱਤਾ। ਇਸ ਮਗਰੋਂ ਯੂਨੀਅਨ ਵਲੋਂ ਵਧੀਕ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਵੀ ਦਿੱਤਾ ਗਿਆ। ਮੁਜ਼ਾਹਰੇ ਵਿੱਚ ਜਮਹੂਰੀ ਅਧਿਕਾਰ ਸਭਾ, ਤਰਕਸ਼ੀਲ ਸੁਸਾਇਟੀ, ਪੇਂਡੂ ਮਜ਼ਦੂਰ ਯੂਨੀਅਨ, ਕਿਰਤੀ ਕਿਸਾਨ ਯੂਨੀਅਨ, ਡੈਮੋਕ੍ਰੈਟਿਕ ਮੁਲਾਜ਼ਮ ਫ਼ੈਡਰੇਸ਼ਨ ਜਮਹੂਰੀ ਕਿਸਾਨ ਸਭਾ ਆਦਿ ਦੇ ਨੁਮਾਇੰਦੇ ਵੀ ਸ਼ਾਮਲ ਸਨ।
ਅੰਮ੍ਰਿਤਸਰ (ਜਗਤਾਰ ਸਿੰਘ ਲਾਂਬਾ): ਪੰਜਾਬ ਦੀਆਂ ਜਮਹੂਰੀ ਤੇ ਪ੍ਰਗਤੀਸ਼ੀਲ ਜਨਤਕ ਜਥੇਬੰਦੀਆਂ ਵੱਲੋਂ ਅੱਜ ਸਥਾਨਕ ਡਿਪਟੀ ਕਮਿਸ਼ਨਰ ਦਫਤਰ ਦੇ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਅੱਜ ਤੋਂ ਲਾਗੂ ਹੋਏ ਤਿੰਨ ਨਵੇਂ ਫੌਜਦਾਰੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਗਈਆਂ। ਇਸ ਦੇ ਨਾਲ ਹੀ ਲੇਖਕਾ ਅਰੁੰਧਤੀ ਰਾਏ, ਜਮਹੂਰੀ ਹੱਕਾਂ ਦੇ ਝੰਡਾ ਬਰਦਾਰ ਪ੍ਰੋ. ਸ਼ੌਕਤ ਹੁਸੈਨ ’ਤੇ ਯੂਏਪੀਏ ਤਹਿਤ ਕੇਸ ਰੱਦ ਕਰਨ ਅਤੇ ਤਿੰਨੇ ਕਾਨੂੰਨ ਵਾਪਸ ਲੈਣ ਦੀ ਮੰਗ ਲਈ ਰਾਸ਼ਟਰਪਤੀ ਦੇ ਨਾਮ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਵੀ ਦਿੱਤਾ ਗਿਆ। ਇਸ ਮੌਕੇ ਜਮਹੂਰੀ ਆਗੂ ਡਾ. ਪਰਮਿੰਦਰ, ਕਿਸਾਨ ਆਗੂਆਂ ਰਤਨ ਸਿੰਘ ਰੰਧਾਵਾ, ਡਾ. ਪਰਮਿੰਦਰ ਪੰਡੋਰੀ, ਤਰਕਸ਼ੀਲ ਆਗੂ ਸੁਮੀਤ ਸਿੰਘ, ਬਲਕਾਰ ਦੁਧਾਲਾ, ਜਤਿੰਦਰ ਸਿੰਘ ਛੀਨਾ ਤੇ ਹੋਰਨਾਂ ਨੇ ਸੰਬੋਧਨ ਕੀਤਾ।
ਤਰਨ ਤਾਰਨ (ਪੱਤਰ ਪ੍ਰੇਰਕ): ਜਨਤਕ ਜਥੇਬੰਦੀਆਂ ਨੇ ਲੇਖਕਾ ਅਰੁੰਧਤੀ ਰਾਏ ਅਤੇ ਪ੍ਰੋ. ਸ਼ੇਖ ਸ਼ੌਕਤ ਹੁਸੈਨ ਖ਼ਿਲਾਫ਼ ਯੂਏਪੀਏ ਅਧੀਨ ਦਰਜ ਕੇਸ ਵਾਪਸ ਲੈਣ ਅਤੇ ਕੇਂਦਰ ਸਰਕਾਰ ਵਲੋਂ ਲਾਗੂ ਕੀਤੇ ਅਪਰਾਧਕ ਕਾਨੂੰਨ ਫੌਰਨ ਰੱਦ ਕਰਨ ਸਬੰਧੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਡਿਪਟੀ ਕਮਿਸ਼ਨਰ ਨੂੰ ਇਕ ਮੰਗ ਪੱਤਰ ਦਿੱਤਾ ਗਿਆ| ਜਥੇਬੰਦੀਆਂ ਨੇ ਨਵੇਂ ਫੌਜਦਾਰੀ ਕਾਨੂੰਨਾਂ ਦੀਆਂ ਕਾਪੀਆਂ ਵੀ ਸਾੜੀਆਂ| ਇਸ ਮੌਕੇ ਜਮਹੂਰੀ ਅਧਿਕਾਰ ਸਭਾ, ਤਰਕਸ਼ੀਲ ਸੁਸਾਇਟੀ ਪੰਜਾਬ, ਕਿਰਤੀ ਕਿਸਾਨ ਯੂਨੀਅਨ, ਜਮਹੂਰੀ ਕਿਸਾਨ ਸਭਾ ਤੇ ਕੁੱਲ ਹਿੰਦ ਕਿਸਾਨ ਸਭਾ ਦੇ ਪ੍ਰਤਿਨਿਧੀ ਹਾਜ਼ਰ ਸਨ।
ਨਵਾਂਸ਼ਹਿਰ (ਲਾਜਵੰਤ ਸਿੰਘ): ਜਮਹੂਰੀ ਅਧਿਕਾਰ ਸਭਾ, ਤਰਕਸ਼ੀਲ ਸੁਸਾਇਟੀ ਅਤੇ ਹੋਰ ਜਮਹੂਰੀ ਜਥੇਬੰਦੀਆਂ ਵਲੋਂ ਅਰੁੰਧਤੀ ਰਾਏ ਤੇ ਪ੍ਰੋ. ਸ਼ੇਖ ਸ਼ੌਕਤ ਹੁਸੈਨ ਵਿਰੁੱਧ 14 ਸਾਲ ਪੁਰਾਣੀ ਤਕਰੀਰ ਦੇ ਆਧਾਰ ’ਤੇ ਦਿੱਲੀ ਦੇ ਰਾਜਪਾਲ ਵੱਲੋਂ ਕੇਸ ਦਰਜ ਕਰਨ ਦੀ ਮਨਜ਼ੂਰੀ ਦੇਣ ਦੇ ਵਿਰੁੱਧ, ਯੂਏਪੀਏ ਖਤਮ ਕਰਨ ਅਤੇ ਨਵੇਂ ਫ਼ੌਜਦਾਰੀ ਕਾਨੂੰਨਾਂ ਨੂੰ ਫੌਰੀ ਵਾਪਸ ਲੈਣ ਦੀ ਮੰਗ ਲਈ ਨਵਾਂਸ਼ਹਿਰ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਉਪਰੰਤ ਡੀਸੀ ਦਫਤਰ ਅੱਗੇ ਫ਼ੌਜਦਾਰੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਅਤੇ ਰਾਸ਼ਟਰਪਤੀ ਦੇ ਨਾਮ ਇਕ ਮੰਗ ਪੱਤਰ ਡਿਪਟੀ ਕਮਿਸ਼ਨਰ ਨੂੰ ਸੌਂਪਿਆ। ਇਸ ਮੌਕੇ ਸੰਬੋਧਨ ਜਮਹੂਰੀ ਅਧਿਕਾਰ ਸਭਾ ਦੇ ਜ਼ਿਲ੍ਹਾ ਸਕੱਤਰ ਜਸਬੀਰ ਦੀਪ, ਸੂਬਾ ਕਮੇਟੀ ਮੈਂਬਰ ਬੂਟਾ ਸਿੰਘ, ਡੈਮੋਕ੍ਰੈਟਿਕ ਲਾਇਰਜ਼ ਐਸੋਸੀਏਸ਼ਨ ਦੇ ਸੂਬਾ ਕਨਵੀਨਰ ਦਲਜੀਤ ਸਿੰਘ ਐਡਵੋਕੇਟ ਤੇ ਤਰਕਸ਼ੀਲ ਸੁਸਾਇਟੀ ਜ਼ੋਨ ਨਵਾਂਸ਼ਹਿਰ ਦੇ ਮੁਖੀ ਸਤਪਾਲ ਸਲੋਹ ਨੇ ਸੰਬੋਧਨ ਕੀਤਾ।
ਫਗਵਾੜਾ (ਪੱਤਰ ਪ੍ਰੇਰਕ): ਜਨਤਕ ਜਥੇਬੰਦੀਆਂ ਦੇ ਆਗੂਆਂ ਤੇ ਵਰਕਰਾਂ ਨੇ ਰੈਸਟ ਹਾਊਸ ਫ਼ਗਵਾੜਾ ਦੇ ਪਾਰਕ ’ਚ ਇੱਕਠੇ ਹੋ ਕੇ ਵਿਰੋਧ ਪ੍ਰਦਰਸ਼ਨ ਕੀਤਾ ਤੇ ਇਨ੍ਹਾਂ ਕਾਨੂੰਨਾਂ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਤੇ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਐੱਸਡੀਐੱਮ ਦਫ਼ਤਰ ਵਿਖੇ ਮੰਗ ਪੱਤਰ ਦਿੱਤਾ। ਇਸ ਮੌਕੇ ਤਰਕਸ਼ੀਲ ਸੁਸਾਇਟੀ ਦੇ ਜਸਵਿੰਦਰ ਫਗਵਾੜਾ, ਸੁਖਦੇਵ ਮਾਹੀ, ਸੁਰਿੰਦਰ ਪਾਲ ਪੱਦੀ ਜਗੀਰ ਤੇ ਗੋਪਾਲ ਕ੍ਰਿਸ਼ਨ ਆਦਿ ਹਾਜ਼ਰ ਸਨ।
ਪੁਲੀਸ ਨੇ ਨਵੇਂ ਕਾਨੂੰਨਾਂ ਤਹਿਤ ਕਾਰਵਾਈ ਕੀਤੀ
ਫਗਵਾੜਾ (ਪੱਤਰ ਪ੍ਰੇਰਕ): ਇਥੋਂ ਦੇ ਖਾਲਸਾ ਨਗਰ ਦੇ ਇੱਕ ਵਿਅਕਤੀ ਨੇ ਫ਼ਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਮ੍ਰਿਤਕ ਦੀ ਪਛਾਣ ਲਖਵਿੰਦਰ ਸਿੰਘ ਵਜੋਂ ਹੋਈ ਹੈ। ਉਕਤ ਵਿਅਕਤੀ ਕਿਸੇ ਫ਼ੈਕਟਰੀ ’ਚ ਕੰਮ ਕਰਦਾ ਸੀ ਤੇ ਉਸ ਨੇ ਅੱਜ ਅਚਾਨਕ ਖੁਦਕੁਸ਼ੀ ਕਰ ਲਈ। ਇਸ ਸਬੰਧੀ ਐੱਸਪੀ ਰੁਪਿੰਦਰ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਸ਼ਰਾਬ ਪੀਣ ਦਾ ਆਦੀ ਸੀ ਤੇ ਉਸ ਦੀ ਪਤਨੀ ਨੇ ਵੀ ਕੁੱਝ ਦਿਨ ਪਹਿਲਾਂ ਉਸ ਦੇ ਖਿਲਾਫ਼ ਦਰਖਾਸਤ ਦਿੱਤੀ ਸੀ। ਪੁਲੀਸ ਨੇ ਇਸ ਸਬੰਧ ’ਚ ਹੁਣ 174 ਦੀ ਥਾਂ ਨਵੇਂ ਕਾਨੂੰਨ 194 ਤਹਿਤ ਕਾਰਵਾਈ ਕੀਤੀ ਹੈ।