ਖੇਤਰੀ ਪ੍ਰਤੀਨਿਧ
ਲੁਧਿਆਣਾ, 1 ਜੁਲਾਈ
ਕੋਨਕੁਕ ਯੂਨੀਵਰਸਿਟੀ, ਕੋਰੀਆ ਦੇ ਨੈਫਰੋਲੋਜੀ ਅਤੇ ਡਾਇਲਸਿਸ ਦੇ ਮਾਹਿਰ ਪ੍ਰੋ. ਹੀ-ਮਯੁੰਗ ਪਾਰਕ ਨੇ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦਾ ਦੌਰਾ ਕੀਤਾ। ਪ੍ਰੋ. ਪਾਰਕ ਨੇ ਯੂਨੀਵਰਸਿਟੀ ਆਫ ਕੈਲਫੋਰਨੀਆ ਤੋਂ ਇਨ੍ਹਾਂ ਵਿਸ਼ਿਆਂ ’ਤੇ ਉਚ ਗਿਆਨ ਹਾਸਿਲ ਕੀਤਾ ਹੈ। ਯੂਨੀਵਰਸਿਟੀ ਦੇ ਕਲੀਨੀਕਲ ਵਿਭਾਗ ਨੇ ਉਨ੍ਹਾਂ ਨੂੰ ਵਿਸ਼ੇਸ਼ ਸੱਦੇ ’ਤੇ ਬੁਲਾਇਆ ਸੀ। ਪ੍ਰੋ. ਪਾਰਕ ਨੇ ਯੂਨੀਵਰਸਿਟੀ ਦੇ ਪਸ਼ੂ ਹਸਪਤਾਲ ਦਾ ਦੌਰਾ ਕੀਤਾ ਅਤੇ ਡਾਇਲਸਿਸ ਯੂਨਿਟ ਦੀਆਂ ਸਹੂਲਤਾਂ ਦੀ ਪ੍ਰਸ਼ੰਸ਼ਾ ਕੀਤੀ। ਉਨ੍ਹਾਂ ਜਿੱਥੇ ਵਿਸ਼ਵ ਵਿਚ ਇਨ੍ਹਾਂ ਵਿਸ਼ਿਆਂ ’ਤੇ ਹੋ ਰਹੇ ਵੱਖੋ-ਵੱਖਰੇ ਨਵੇਂ ਕੰਮਾਂ ਅਤੇ ਖੋਜਾਂ ਦਾ ਵੇਰਵਾ ਦਿੱਤਾ ਉਥੇ ਉਨ੍ਹਾਂ ਨੇ ਪ੍ਰਯੋਗਿਕ ਤੌਰ ’ਤੇ ਵੀ ਕਈ ਨੁਕਤੇ ਸਿਖਾਏ।
ਨਿਰਦੇਸ਼ਕ ਵੈਟਰਨਰੀ ਹਸਪਤਾਲ ਡਾ. ਸਵਰਨ ਸਿੰਘ ਰੰਧਾਵਾ ਨੇ ਦੱਸਿਆ ਕਿ ਪ੍ਰੋ. ਪਾਰਕ ਨੂੰ ਬੁਲਾਉਣ ਦਾ ਵਿਸ਼ੇਸ਼ ਮਕਸਦ ਹੀ ਇਹੋ ਸੀ ਕਿ ਪੇਸ਼ੇਵਰ ਡਾਕਟਰਾਂ ਨੂੰ ਨਵੇਂ ਗਿਆਨ ਦੇ ਰੂ-ਬ-ਰੂ ਕੀਤਾ ਜਾਏ। ਡੀਨ, ਵੈਟਰਨਰੀ ਸਾਇੰਸ ਕਾਲਜ ਡਾ. ਸਰਵਪ੍ਰੀਤ ਸਿੰਘ ਘੁੰਮਣ ਨੇ ਦੱਸਿਆ ਕਿ ਯੂਨੀਵਰਸਿਟੀ ਦੇ ਪਸ਼ੁ ਹਸਪਤਾਲ ਵਿਖੇ ਅਲਟ੍ਰਾਸਾਊਂਡ ਸੰਬੰਧੀ ਨਵੀਂ ਇਕਾਈ ਸਥਾਪਤ ਕੀਤੀ ਗਈ ਹੈ। ਉਪ-ਕੁਲਪਤੀ ਡਾ. ਇੰਦਰਜੀਤ ਸਿੰਘ ਨੇ ਵੀ ਪ੍ਰੋ. ਪਾਰਕ ਨਾਲ ਵਿਚਾਰ ਵਟਾਂਦਰਾ ਕੀਤਾ।