ਖੇਤਰੀ ਪ੍ਰਤੀਨਿਧ
ਲੁਧਿਆਣਾ, 1 ਜੁਲਾਈ
ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਅੱਜ ਪਹਿਲੇ ਦਿਨ ਸ਼ਹਿਰ ਦੇ ਵੱਖ ਵੱਖ ਸਕੂਲਾਂ ਵਿੱਚ ਵਿਦਿਆਰਥੀਆਂ ਦੀਆਂ ਮੁੜ ਤੋਂ ਰੌਣਕਾਂ ਲੱਗਣੀਆਂ ਸ਼ੁਰੂ ਹੋ ਗਈਆਂ। ਪਹਿਲੇ ਦਿਨ ਭਾਵੇਂ ਸਕੂਲਾਂ ’ਚ ਵਿਦਿਆਰਥੀਆਂ ਦੀ ਗਿਣਤੀ ਘੱਟ ਰਹੀ ਪਰ ਵਿਦਿਆਰਥੀਆਂ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਵਾਰ ਸੂਬੇ ਵਿੱਚ ਗਰਮੀ ਵੱਧ ਹੋਣ ਕਰਕੇ ਸਕੂਲਾਂ ਵਿੱਚ ਗਰਮੀਆਂ ਦੀਆਂ ਛੁੱਟੀਆਂ ਮਈ ਮਹੀਨੇ ਦੇ ਅਖੀਰ ਦਿਨਾਂ ਵਿੱਚ ਹੀ ਕਰ ਦਿੱਤੀਆਂ ਗਈਆਂ ਸਨ। ਬੀਤੇ ਐਤਵਾਰ 30 ਜੂਨ ਨੂੰ ਛੁੱਟੀਆਂ ਖਤਮ ਹੋਣ ਤੋਂ ਬਾਅਦ ਅੱਜ ਪਹਿਲੇ ਦਿਨ ਸ਼ਹਿਰ ਦੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਵਿਦਿਆਰਥੀਆਂ ਦੀਆਂ ਦੁਬਾਰਾ ਤੋਂ ਰੌਣਕਾਂ ਲੱਗਣੀਆਂ ਸ਼ੁਰੂ ਹੋ ਗਈਆਂ। ਸਵੇਰੇ 8 ਵਜੇ ਤੋਂ ਸ਼ੁਰੂ ਹੋਏ ਸਕੂਲਾਂ ਵਿੱਚ ਦੁਪਹਿਰ ਬਾਅਦ 2 ਵਜੇ ਛੁੱਟੀ ਹੋਈ। ਸਵੇਰ ਸਮੇਂ ਵੱਖ ਵੱਖ ਸਕੂਲਾਂ ਵਿੱਚ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕੀਤਾ ਗਿਆ। ਕਈ ਸਕੂਲਾਂ ਵਿੱਚ ਬੈਂਡ ਦੀਆਂ ਧੁੰਨਾਂ ਵਜਾ ਕੇ ਵਿਦਿਆਰਥੀਆਂ ਨੂੰ ਜੀ ਆਇਆਂ ਆਖੀ ਗਈ। ਅੱਜ ਪਹਿਲਾ ਦਿਨ ਹੋਣ ਕਰਕੇ ਕਰੀਬ ਸਾਰੇ ਹੀ ਸਕੂਲਾਂ ਵਿਦਿਆਰਥੀਆਂ ਦੀ ਗਿਣਤੀ ਘੱਟ ਰਹੀ। ਬਹੁਤੇ ਸਕੂਲਾਂ ਵਿੱਚ ਇਹ ਗਿਣਤੀ 40 ਤੋਂ 45 ਫੀਸਦੀ ਦੇਖਣ ਨੂੰ ਮਿਲੀ ਹੈ। ਸਕੂਲ ਪ੍ਰਬੰਧਕਾਂ ਨੇ ਦੱਸਿਆ ਕਿ ਪਹਿਲਾ ਦਿਨ ਹੋਣ ਕਰਕੇ ਵਿਦਿਆਰਥੀ ਘੱਟ ਆਏ ਹਨ।
ਕਈ ਵਿਦਿਆਰਥੀਆਂ ਆਪਣੇ ਪਿੰਡਾਂ ਨੂੰ ਗਏ ਹੋਣ ਕਰਕੇ ਵੀ ਗਿਣਤੀ ਘੱਟ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਆਉਂਦੇ ਇੱਕ-ਦੋ ਦਿਨ ਤੱਕ ਵਿਦਿਆਰਥੀ ਪੂਰੀ ਸਮਰੱਥਾ ਨਾਲ ਸਕੂਲਾਂ ਵਿੱਚ ਆਉਣੇ ਸ਼ੁਰੂ ਹੋ ਜਾਣਗੇ।