ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 2 ਜੁਲਾਈ
ਇੱਥੇ ਪੰਜ ਰੋਜ਼ਾ ਨਾਟ ਉਤਸਵ ਦੇ ਦੂਜੇ ਦਿਨ ਅਸਗਰ ਵਜ਼ਾਹਤ ਦਾ ਲਿਖਿਆ ਅਤੇ ਕੇਵਲ ਧਾਲੀਵਾਲ ਦਾ ਨਿਰਦੇਸ਼ਤ ਕੀਤਾ ਨਾਟਕ ‘ਜਿਸ ਲਾਹੌਰ ਨਹੀਂ ਦੇਖਿਆ’ ਦਾ ਮੰਚਨ ਅੱਜ ਸ਼ਾਮ ਵਿਰਸਾ ਵਿਹਾਰ ਦੇ ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਕੀਤਾ ਗਿਆ। ਮੰਚ ਰੰਗਮੰਚ ਅਤੇ ਵਿਰਸਾ ਵਿਹਾਰ ਅੰਮ੍ਰਿਤਸਰ ਵੱਲੋਂ ਲਗਾਈ ਇਕ ਮਹੀਨੇ ਦੀ ਕੌਮੀ ਰੰਗਮੰਚ ਕਾਰਜਸ਼ਾਲਾ ਵਿੱਚ ਪੰਜ ਨਾਟਕ ਤਿਆਰ ਕੀਤੇ ਗਏ ਜਿਨਾਂ ਦਾ ਪੰਜ ਰੋਜ਼ਾਂ ਨਾਟ ਉਤਸਵ ਦੌਰਾਨ ਮੰਚਨ ਕੀਤਾ ਜਾ ਰਿਹਾ ਹੈ। ਨਾਟਕ ‘ਜਿਸ ਲਾਹੌਰ ਨਹੀਂ ਦੇਖਿਆ’ ਦੀ ਕਹਾਣੀ 1980 ਦੇ ਦਹਾਕੇ ਵਿਚ ਲਿਖੀ ਗਈ ਸੀ। ਜੋ ਕਿ 1947 ਦੇ ਇੱਕ ਮੁਸਲਿਮ ਪਰਿਵਾਰ ਦੀ ਕਹਾਣੀ ਹੈ ਜੋ ਲਖਨਊ ਤੋਂ ਲਾਹੌਰ ਪਰਵਾਸ ਕਰਦਾ ਹੈ ਅਤੇ ਇੱਕ ਹਿੰਦੂ ਪਰਿਵਾਰ ਵੱਲੋਂ ਖਾਲੀ ਕੀਤੀ ਹਵੇਲੀ ਉਸ ਨੂੰ ਅਲਾਟ ਕੀਤੀ ਜਾਂਦੀ ਹੈ। ਡਰਾਮਾ ਉਦੋਂ ਸ਼ੁਰੂ ਹੁੰਦਾ ਹੈ ਜਦੋਂ ਉਨ੍ਹਾਂ ਨੂੰ ਹਵੇਲੀ ਵਿਚ ਰਹਿੰਦੀ ਇਕ ਬਜ਼ੁਰਗ ਹਿੰਦੂ ਔਰਤ ਮਿਲਦੀ ਹੈ। ਇਸ ਨਾਟਕ ਵਿੱਚ ਅਪਨੀਤ ਬਾਜਵਾ, ਯੁਵਨੀਸ਼ ਸ਼ਰਮਾ, ਕਿਰਨਬੀਰ ਕੌਰ, ਕਵਚ ਮਲਿਕ, ਏਕੋਮ ਧਾਲੀਵਾਲ, ਅਭਿਸ਼ੇਕ ਐਰੀ, ਅਕਾਸ਼ਦੀਪ ਸਿੰਘ, ਸਾਨਿਆ ਸ਼ਰਮਾ, ਸੁਰਜ ਪੋਦਾਰ, ਜਸਵੰਤ ਸਿੰਘ, ਪਵੇਲ ਅਗਸਤਸ, ਸਿਰਮਨਜੀਤ ਸਿੰਘ, ਰਾਹੁਲ, ਕਰਨ ਸਿੰਘ, ਸਾਨੀਆ ਮਲਹੋਤਰਾ ਤੇ ਹੋਰਨਾਂ ਨੇ ਅਦਾਕਾਰੀ ਕੀਤੀ। ਇਸ ਨਾਟਕ ਦਾ ਸੰਗੀਤ ਕੁਸ਼ਾਗਰ ਕਾਲੀਆ ਅਤੇ ਹਰਸ਼ੀਤਾ ਨੇ ਦਿੱਤਾ। ਇਸ ਦੌਰਾਨ ਕਲਾਕਾਰਾਂ ਨੇ ਦਰਸ਼ਕਾਂ ਨੂੰ ਕੀਲ ਕੇ ਰੱਖ ਦਿੱਤਾ। ਇਸ ਮੌਕੇ ਡਾ. ਅਰਵਿੰਦਰ ਕੌਰ ਧਾਲੀਵਾਲ, ਕੁਲਬੀਰ ਸਿੰਘ ਸੁਰੀ, ਹਰਦੀਪ ਗਿੱਲ, ਡਾ. ਕਿਰਨਪ੍ਰੀਤ ਕੌਰ, ਭੂਪਿੰਦਰ ਸਿੰਘ ਸੰਧੂ, ਵਿਪਨ ਕੁਮਾਰ, ਗੁਰਤੇਜ ਮਾਨ ਆਦਿ ਹਾਜ਼ਰ ਸਨ।