ਪੱਤਰ ਪ੍ਰੇਰਕ
ਪਟਿਆਲਾ, 2 ਜੁਲਾਈ
ਇੱਥੋਂ ਸਰਹਿੰਦ ਰੋਡ ’ਤੇ ਪਿੰਡ ਬਾਰਨ ਨਜ਼ਦੀਕ ਸੜਕ ਹਾਦਸੇ ਵਿੱਚ ਔਰਤ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਪਟਿਆਲਾ ਦੇ ਸਰਹਿੰਦ ਰੋਡ ’ਤੇ ਐਕਟਿਵਾ, ਕਾਰ ਨਾਲ ਟਕਰਾ ਕੇ ਟਰਾਲੀ ਨਾਲ ਟਕਰਾ ਗਈ। ਇਸ ਹਾਦਸੇ ’ਚ ਔਰਤ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ’ਚ ਜਾਨ ਗਵਾਉਣ ਵਾਲੀ 32 ਸਾਲਾ ਰੀਨਾ ਦੇਵੀ ਪਿੰਡ ਮਾਜਰੀ ਅਕਲੀਆਂ ਬਾਰਨ ਦੀ ਰਹਿਣ ਵਾਲੀ ਸੀ। ਜਾਣਕਾਰੀ ਅਨੁਸਾਰ ਜਿਵੇਂ ਹੀ ਰੀਨਾ ਦੇਵੀ ਨੂੰ ਪਤਾ ਲੱਗਾ ਕਿ ਉਸ ਦਾ ਲੜਕਾ ਸਕੂਲ ਤੋਂ ਘਰ ਪਹੁੰਚ ਗਿਆ ਹੈ ਜੋ ਘਰ ਨੂੰ ਤਾਲਾ ਲੱਗਾ ਹੋਣ ਕਾਰਨ ਬਾਹਰ ਧੁੱਪ ’ਚ ਬੈਠਾ ਹੈ ਤਾਂ ਉਸ ਨੇ ਤੇਜ਼ ਰਫਤਾਰ ਨਾਲ ਐਕਟਿਵਾ ਚਲਾਉਣੀ ਸ਼ੁਰੂ ਕਰ ਦਿੱਤੀ ਅਤੇ ਓਵਰਟੇਕ ਕਰਨ ਦੀ ਕੋਸ਼ਿਸ਼ ਕਰਦਿਆਂ ਕਾਰ ਦੇ ਪਿੱਛੇ ਜਾ ਟਕਰਾਈ। ਇਸ ਤੋਂ ਬਾਅਦ ਟਰਾਲੇ ਨਾਲ ਟੱਕਰ ਹੋ ਗਈ। ਟਰਾਲੇ ਨਾਲ ਟਕਰਾ ਕੇ ਹੇਠਾਂ ਡਿੱਗੀ ਰੀਨਾ ਦੇਵੀ ਦੇ ਸਿਰ ’ਚ ਗੰਭੀਰ ਸੱਟ ਲੱਗ ਗਈ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਮੌਕੇ ’ਤੇ ਪਹੁੰਚੇ ਜਾਂਚ ਅਧਿਕਾਰੀ ਰਣਧੀਰ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਕਬਜ਼ੇ ’ਚ ਲੈ ਕੇ ਰਾਜਿੰਦਰਾ ਹਸਪਤਾਲ ਦੀ ਮੋਰਚਰੀ ’ਚ ਰਖਵਾਇਆ ਗਿਆ ਹੈ। ਇਹ ਹਾਦਸਾ ਮੰਗਲਵਾਰ ਦੁਪਹਿਰ ਨੂੰ ਵਾਪਰਿਆ, ਜਿਸ ਤੋਂ ਬਾਅਦ ਪਰਿਵਾਰ ਨੂੰ ਸੂਚਿਤ ਕੀਤਾ ਗਿਆ ਅਤੇ ਬੁਲਾਇਆ ਗਿਆ। ਰੀਨਾ ਦੇਵੀ ਟਿਊਸ਼ਨ ਪੜ੍ਹਾਉਣ ਜਾਂਦੀ ਸੀ, ਜਿੱਥੋਂ ਵਾਪਸੀ ਵੇਲੇ ਲੇਟ ਹੋ ਗਈ।