ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 2 ਜੁਲਾਈ
ਲੁਧਿਆਣਾ ਪੁਲੀਸ ਵੱਲੋਂ ਨਸ਼ਿਆਂ ਖ਼ਿਲਾਫ਼ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਥਾਣਾ ਡਿਵੀਜ਼ਨ ਨੰਬਰ ਅੱਠ ਦੀ ਪੁਲੀਸ ਨੇ ਇੱਕ ਔਰਤ ਸਣੇ ਤਿੰਨ ਜਣਿਆਂ ਨੂੰ ਗਾਂਜੇ ਸਮੇਤ ਗ੍ਰਿਫ਼ਤਾਰ ਕੀਤਾ ਹੈ। ਸਹਾਇਕ ਪੁਲੀਸ ਕਮਿਸ਼ਨਰ ਜਤਿਨ ਬਾਂਸਲ ਦੀ ਅਗਵਾਈ ਹੇਠ ਇੰਸਪੈਕਟਰ ਬਲਵਿੰਦਰ ਕੌਰ ਦੀ ਪੁਲੀਸ ਪਾਰਟੀ ਨੇ ਸੂਰਜ ਰਾਮ ਅਤੇ ਵਿਕਰਮ ਕੁਮਾਰ ਉਰਫ਼ ਭੋਲਾ ਵਾਸੀ ਕੱਚੀਆਂ ਝੁੱਗੀਆਂ ਨੇੜੇ ਡਾਕਖਾਨਾ ਲੱਕੜ ਪੁਲ ਪੁਰਾਣੀਆਂ ਕਚਹਿਰੀਆਂ ਸਿਵਲ ਲਾਈਨ ਨੂੰ ਐਕਟਿਵਾ ਸਮੇਤ ਗ੍ਰਿਫ਼ਤਾਰ ਕਰਕੇ 1 ਕਿਲੋ ਗਾਂਜਾ ਬਰਾਮਦ ਕੀਤਾ ਹੈ। ਇੰਸਪੈਕਟਰ ਬਲਵਿੰਦਰ ਕੌਰ ਨੇ ਦੱਸਿਆ ਕਿ ਇਨ੍ਹਾਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਸੂਰਜ ਕੁਮਾਰ ਦੀ ਪਤਨੀ ਸੰਗੀਤਾ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਵੱਲੋਂ ਐੇਕਟਿਵਾ ਵੀ ਕਬਜ਼ੇ ਵਿੱਚ ਲੈ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸੂਰਜ ਰਾਮ ਖ਼ਿਲਾਫ਼ ਪਹਿਲਾਂ ਵੀ ਥਾਣਾ ਡਿਵੀਜ਼ਨ ਨੰਬਰ 8 ਵਿੱਚ ਕੇਸ ਦਰਜ ਹੈ ਜਦਕਿ ਵਿਕਰਮ ਕੁਮਾਰ ਉਰਫ਼ ਭੋਲਾ ਖ਼ਿਲਾਫ਼ ਵੀ ਥਾਣਾ ਡਿਵੀਜ਼ਨ ਨੰਬਰ 8 ਵਿੱਚ ਦੋ ਕੇਸ ਦਰਜ ਹਨ।