ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 3 ਜੁਲਾਈ
ਸ਼ੋ੍ਮਣੀ ਅਕਾਲੀ ਦਲ ਬਠਿੰਡਾ (ਸ਼ਹਿਰੀ) ਨੇ ਮੀਟਿੰਗ ਕਰਕੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਭਰੋਸਾ ਪ੍ਰਗਟਾਇਆ ਹੈ। ਵਿਧਾਨ ਸਭਾ ਹਲਕਾ ਬਠਿੰਡਾ (ਸ਼ਹਿਰੀ) ਦੇ ਇੰਚਾਰਜ ਇਕਬਾਲ ਸਿੰਘ (ਬਬਲੀ ਢਿੱਲੋਂ) ਦੀ ਅਗਵਾਈ ਵਿੱਚ ਅੱਜ ਇਥੇ ਹੋਈ ਇਸ ਮੀਟਿੰਗ ਤੋਂ ਬਾਅਦ ਸ੍ਰੀ ਢਿੱਲੋਂ ਨੇ ਦੱਸਿਆ ਕਿ ਹਾਜ਼ਰ ਮੁਕਾਮੀ ਲੀਡਰਸ਼ਿਪ ਅਤੇ ਮੈਂਬਰਾਂ ਨੇ ਕਿਹਾ ਕਿ ਉਹ ਪਾਰਟੀ ਦੀ ਬਿਹਤਰੀ ਲਈ ਸੁਖਬੀਰ ਸਿੰਘ ਬਾਦਲ ਦੇ ਨਾਲ ਚਟਾਨ ਵਾਂਗ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਸ੍ਰੀ ਬਾਦਲ ਹੀ ਪੰਥ ਅਤੇ ਪੰਜਾਬ ਦੀ ਅਗਵਾਈ ਕਰਨ ਦੇ ਸਮਰੱਥ ਹਨ, ਜਿਨ੍ਹਾਂ ਦੇ ਯਤਨਾਂ ਸਦਕਾ ਖਾਸਕਰ ਨੌਜਵਾਨ ਵਰਗ ਆਪਣੀ ਖੇਤਰੀ ਪਾਰਟੀ ਨਾਲ ਜੁੜਿਆ। ਉਨ੍ਹਾਂ ਕਿਹਾ ਕਿ ਸ੍ਰੀ ਬਾਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਹੋਰ ਬੁਲੰਦੀਆਂ ’ਤੇ ਲਿਜਾਣ ਲਈ ਕੀਤੀ ਜਾ ਰਹੀ ਜੀਅ ਤੋੜ ਮਿਹਨਤ ਤੋਂ ਵਿਰੋਧੀ ਧਿਰਾਂ ਬੁਖਲਾਹਟ ਵਿੱਚ ਹਨ, ਜੋ ਪਾਰਟੀ ਨੂੰ ਤੋੜਨ ਦੀਆਂ ਸਾਜਿਸ਼ਾਂ ਘੜ ਰਹੀਆਂ ਹਨ ਅਤੇ ਉਨ੍ਹਾਂ ਦੇ ਹੱਥੇ ਚੜ੍ਹ ਕੇ ਹੀ ਪਾਰਟੀ ਦੇ ਕੁੱਝ ਆਗੂ ਉਨ੍ਹਾਂ ਦੀ ਬੋਲੀ ਬੋਲ ਰਹੇ ਹਨ। ਇਸ ਮੀਟਿੰਗ ਵਿੱਚ ਬਲਜੀਤ ਸਿੰਘ ਬੀੜ ਬਹਿਮਣ ਸਾਬਕਾ ਮੇਅਰ, ਸ਼ਹਿਰੀ ਪ੍ਰਧਾਨ ਰਾਜਵਿੰਦਰ ਸਿੰਘ ਸਿੱਧੂ, ਪੀਏਸੀ ਮੈਂਬਰ ਨਿਰਮਲ ਸਿੰਘ ਸੰਧੂ, ਸਲਾਹਕਾਰ ਮੋਹਨਜੀਤ ਪੁਰੀ, ਕੁਲਦੀਪ ਨੰਬਰਦਾਰ, ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਜੋਗਿੰਦਰ ਕੌਰ, ਬੀਬੀ ਬਲਵਿੰਦਰ ਕੌਰ ਆਗੂ ਇਸਤਰੀ ਅਕਾਲੀ ਦਲ, ਮੁੱਖ ਬੁਲਾਰਾ ਚਮਕੌਰ ਸਿੰਘ ਮਾਨ, ਜ਼ਿਲ੍ਹਾ ਪ੍ਰੈੱਸ ਸਕੱਤਰ ਡਾ. ਓਮ ਪ੍ਰਕਾਸ਼ ਸ਼ਰਮਾ, ਰਾਜਵਿੰਦਰ ਸਿੰਘ ਤੇ ਹੋਰ ਹਾਜ਼ਰ ਸਨ।