ਨਿੱਜੀ ਪੱਤਰ ਪ੍ਰੇਰਕ
ਫਰੀਦਕੋਟ, 3 ਜੁਲਾਈ
ਕਾਊਂਟਰ ਇੰਟੈਲੀਜੈਂਸ ਪੰਜਾਬ ਨੇ ਅੱਜ ਦੇਰ ਸ਼ਾਮ ਪਿੰਡ ਸੰਧਵਾਂ ਤੋਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਉਹ ਕਥਿਤ ਤੌਰ ’ਤੇ ਪਿਛਲੇ ਕੁਝ ਦਿਨਾਂ ਤੋਂ ਪਿੰਡ ਸੰਧਵਾਂ ਵਿੱਚ ਲੁਕਿਆ ਹੋਇਆ ਸੀ ਅਤੇ ਉਸ ਨੇ ਬਾਹਰਲੇ ਸੂਬਿਆਂ ਤੋਂ ਪਿਸਤੌਲ, ਕਾਰਤੂਸ ਅਤੇ ਹੋਰ ਹਥਿਆਰ ਮੰਗਵਾਏ ਹੋਏ ਸਨ। ਇੰਟੈਲੀਜੈਂਸ ਬਿਊਰੋ ਨੇ ਹਨੀ ਸਿੰਘ ਵਾਸੀ ਫਿਲੌਰ ਖ਼ਿਲਾਫ਼ ਪਰਚਾ ਦਰਜ ਕਰ ਲਿਆ ਹੈ। ਸੂਚਨਾ ਅਨੁਸਾਰ ਉਹ ਕੋਟਕਪੂਰੇ ਦੇ ਇੱਕ ਮਸ਼ਹੂਰ ਡਾਕਟਰ ਨੂੰ ਅਗਵਾਹ ਕਰਨ ਲਈ ਆਇਆ ਸੀ। ਪੁਲੀਸ ਨੇ ਉਸ ਕੋਲੋਂ 100 ਕਾਰਤੂਸ ਅਤੇ ਦੋ ਪਿਸਤੌਲ ਵੀ ਬਰਾਮਦ ਕੀਤੇ ਹਨ। ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਹੁਣ ਇਸ ਮਾਮਲੇ ਦੀ ਪੜਤਾਲ ਕਰ ਰਿਹਾ ਹੈ। ਉਸ ਨਾਲ ਕੁਝ ਹੋਰ ਵਿਅਕਤੀ ਵੀ ਸ਼ਾਮਲ ਹਨ ਅਤੇ ਪੁਲੀਸ ਉਨ੍ਹਾਂ ਦੀ ਭਾਲ ਕਰ ਰਹੀ ਹੈ।