ਸਤਵਿੰਦਰ ਬਸਰਾ
ਲੁਧਿਆਣਾ, 3 ਜੁਲਾਈ
ਖੋਜ ਅਤੇ ਪਸਾਰ ਮਾਹਿਰਾਂ ਦੀ ਅੱਜ ਪੀਏਯੂ ਵਿੱਚ ਮਹੀਨਾਵਾਰ ਮੀਟਿੰਗ ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਦੀ ਪ੍ਰਧਾਨਗੀ ’ਚ ਹੋਈ। ਇਸ ਮੀਟਿੰਗ ਵਿੱਚ ਪੀ.ਏ.ਯੂ. ਤੋਂ ਇਲਾਵਾ ਕ੍ਰਿਸ਼ੀ ਵਿਗਿਆਨ ਕੇਂਦਰਾਂ ਅਤੇ ਕਿਸਾਨ ਸਲਾਹਕਾਰ ਸੇਵਾ ਕੇਂਦਰਾਂ ਦੇ ਵੱਖ-ਵੱਖ ਮਾਹਿਰਾਂ ਨੇ ਭਾਗ ਲਿਆ। ਮੀਟਿੰਗ ਦੌਰਾਨ ਸਾਉਣੀ ਦੀਆਂ ਫ਼ਸਲਾਂ ਦੀ ਮੌਜੂਦਾ ਸਥਿਤੀ ਬਾਰੇ ਵਿਚਾਰ ਵਟਾਂਦਰਾ ਹੋਇਆ। ਡਾ. ਗੋਸਲ ਨੇ ਕਿਹਾ ਕਿ ਪੀ.ਏ.ਯੂ. ਵੱਲੋਂ ਕੁਦਰਤੀ ਸਰੋਤਾਂ ਦੀ ਸੰਭਾਲ ਲਈ ਕਿਸਾਨਾਂ ਵਿੱਚ ਫੈਲਾਈ ਜਾ ਰਹੀ ਜਾਗਰੂਕਤਾ ਦੇ ਮੱਦੇਨਜ਼ਰ ਮੋਗਾ, ਲੁਧਿਆਣਾ, ਮਾਨਸਾ, ਸੰਗਰੂਰ, ਸ੍ਰੀ ਮੁਕਤਸਰ ਸਾਹਿਬ ਅਤੇ ਬਰਨਾਲਾ ਦੇ ਕਿਸਾਨਾਂ ਨੂੰ ਘੱਟ ਮਿਆਦ ਵਿੱਚ ਪੱਕਣ ਵਾਲੀਆਂ ਝੋਨੇ ਦੀਆਂ ਕਿਸਮਾਂ ਦੀ ਲਵਾਈ ਦੀ ਸਿਫ਼ਾਰਸ਼ ਕੀਤੀ ਗਈ ਹੈ। ਵਾਈਸ ਚਾਂਸਲਰ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਪਾਣੀ ਨੂੰ ਬਚਾਉਣ ਲਈ ਸਿੰਜਾਈ ਯੋਗ ਪਾਣੀ ਦੀ ਸੰਜਮ ਨਾਲ ਵਰਤੋਂ ਅਤੇ ਖਾਦਾਂ ਦੀ ਲੋੜ ਅਨੁਸਾਰ ਵਰਤੋਂ ਉੱਪਰ ਵੀ ਜ਼ੋਰ ਦਿੱਤਾ ਗਿਆ ਹੈ। ਉਨ੍ਹਾਂ ਸਾਉਣੀ ਦੀਆਂ ਫ਼ਸਲਾਂ ਵਿਸ਼ੇਸ਼ ਤੌਰ ’ਤੇ ਮੱਕੀ ਦੇ ਕੀੜਿਆਂ ਦੀ ਰੋਕਥਾਮ ਲਈ ਲਗਾਤਾਰ ਸਰਵੇਖਣ ਕਰਨ ਅਤੇ ਮਾਹਿਰਾਂ ਦੀ ਸਲਾਹ ਅਨੁਸਾਰ ਜ਼ਰੂਰੀ ਕਦਮ ਚੁੱਕਣ ਲਈ ਕਿਸਾਨਾਂ ਨੂੰ ਅਪੀਲ ਕੀਤੀ। ਉਨ੍ਹਾਂ ਕਿਸਾਨਾਂ ਨੂੰ ਬਸੰਤ ਰੁੱਤ ਦੀ ਮੱਕੀ ਦੀ ਬਿਜਾਈ ਤੋਂ ਗੁਰੇਜ਼ ਕਰਨ ਲਈ ਵੀ ਕਿਹਾ। ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਗਰਮ ਰੁੱਤ ਦੀ ਮੂੰਗੀ ਵਿੱਚ ਚਿੱਟੀ ਮੱਖੀ ਦੀ ਰੋਕਥਾਮ, ਟਮਾਟਰਾਂ ’ਚ ਫ਼ਲਾਂ ਦੇ ਕੀੜੇ ਦਾ ਹੱਲ ਅਤੇ ਸਰਫੇਸ ਸੀਡਿੰਗ ਤਕਨੀਕ ਨਾਲ ਬੀਜੀ ਕਣਕ ਤੋਂ ਬਾਅਦ ਮਿੱਟੀ ਪਰਖ ਦੇ ਨਾਲ-ਨਾਲ ਪਸ਼ੂ ਪਾਲਕਾਂ ਨੂੰ ਪੋਸ਼ਣ ਉਤਪਾਦਾਂ ਦੀ ਵਿਕਰੀ ਬਾਰੇ ਗੱਲਬਾਤ ਕੀਤੀ। ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਇਸ ਮੀਟਿੰਗ ਵਿੱਚ ਸ਼ਾਮਲ ਹੋਣ ਵਾਲੇ ਖੋਜ ਅਤੇ ਪਸਾਰ ਮਾਹਿਰਾਂ ਦਾ ਸਵਾਗਤ ਕੀਤਾ।