ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 3 ਜੁਲਾਈ
ਪੰਜਾਬ ਦੇ ਵੈਟਰਨਰੀ ਇੰਸਪੈਕਟਰਾਂ ਨੇ ਸਰਕਾਰ ਖ਼ਿਲਾਫ਼ ਸੰਘਰਸ਼ ਦਾ ਬਿਗਲ ਵਜਾ ਦਿੱਤਾ ਹੈ ਅਤੇ 7 ਜੁਲਾਈ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਘੇਰਨ ਦਾ ਬਾਕਾਇਦਾ ਐਲਾਨ ਕਰ ਦਿੱਤਾ ਹੈ। ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰਜ਼ ਐਸੋਸੀਏਸ਼ਨ ਦੀ ਸੂਬਾ ਕਮੇਟੀ ਦੇ ਸੂਬਾ ਪ੍ਰਧਾਨ ਗੁਰਦੀਪ ਬਾਸੀ ਦੀ ਅਗਵਾਈ ਹੇਠ ਹੋਈ ਮੀਟਿੰਗ ’ਚ ਇਹ ਐਲਾਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਵੈਟਰਨਰੀ ਇੰਸਪੈਕਟਰ ਕੇਡਰ ਪਿਛਲੇ ਲੰਬੇ ਸਮੇਂ ਤੋਂ ਸਰਕਾਰ ਦੀ ਅਣਦੇਖੀ ਦਾ ਸ਼ਿਕਾਰ ਹੈ। ਪਸ਼ੂ ਪਾਲਣ ਵਿਭਾਗ ਦੀ ਰੀੜ੍ਹ ਦੀ ਹੱਡੀ ਵਜੋਂ ਜਾਣਿਆ ਜਾਂਦਾ ਵੈਟਰਨਰੀ ਇੰਸਪੈਕਟਰ ਕੇਡਰ ਪੰਜਾਬ ਸਰਕਾਰ ਅਤੇ ਪਸ਼ੂ ਪਾਲਣ ਵਿਭਾਗ ਅਫ਼ਸਰਸ਼ਾਹੀ ਦੇ ਮੁਲਾਜ਼ਮ ਵਿਰੋਧੀ ਰਵੱਈਏ ਤੋਂ ਤੰਗ ਹੈ।
ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰਜ਼ ਐਸੋਸੀਏਸ਼ਨ ਵੱਲੋਂ ਸਰਕਾਰ ਨੂੰ ਵਾਰ-ਵਾਰ ਮੰਗ-ਪੱਤਰ ਭੇਜਣ ਦੇ ਬਾਵਜੂਦ ਪੰਜਾਬ ਸਰਕਾਰ ਨੇ ਵੈਟਰਨਰੀ ਇੰਸਪੈਕਟਰ ਕੇਡਰ ਨਾਲ ਪਿਛਲੇ ਦੋ ਸਾਲਾਂ ‘ਚ ਇਕ ਵਾਰ ਵੀ ਪੈਨਲ ਮੀਟਿੰਗ ਤੱਕ ਕਰਨੀ ਵਾਜਬ ਨਹੀਂ ਸਮਝੀ। ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰ ਕੇਡਰ ਦੀਆਂ ਪੇਅ ਅਨਾਮਲੀ, ਐਡਹਾਕ ਦੀ ਸਰਵਿਸ ਨੂੰ ਰੈਗੂਲਰ ਸਰਵਿਸ ਮੰਨਣ ਤਹਿਸੀਲ ਪੱਧਰ ’ਤੇ ਬਣਾਏ ਸੀਨੀਅਰ ਵੈਟਰਨਰੀ ਇੰਸਪੈਕਟਰ ਦੀ ਪੋਸਟ ਨੂੰ ਪ੍ਰਮੋਸ਼ਨ ਦੀ ਥਾਂ ਪਲੇਸਮੈਂਟ ਮੰਨਣ, ਜ਼ਿਲ੍ਹਾ ਵੈਟਰਨਰੀ ਇੰਸਪੈਕਟਰ ਨੂੰ ਬਣਦੇ ਸਕੇਲ ਦੀ ਥਾਂ ਘੱਟ ਸਕੇਲ ਦੇਣ, ਨਵੀਂ ਭਰਤੀ ਦੌਰਾਨ ਘੱਟ ਤਨਖ਼ਾਹ ਦੇਣ, ਵੈਟਰਨਰੀ ਇੰਸਪੈਕਟਰ ਕੇਡਰ ਦੀ ਰਜਿਸ਼ਟਰੇਸ਼ਨ ਕੌਂਸਲ ਬਣਾਉਣ, ਜ਼ਿਲ੍ਹਾ ਪ੍ਰੀਸ਼ਦ ’ਚ ਗਈਆਂ 582 ਪੋਸਟਾਂ ਬਹਾਲ ਕਰਨ ਤੇ ਖਾਲੀ ਅਸਾਮੀਆਂ ਭਰਨ ਵਰਗੀਆਂ ਹੱਕੀ ਮੰਗਾਂ ਮੰਨਣ ਤੋਂ ਇਨਕਾਰੀ ਹੈ। ਇਸ ਦੌਰਾਨ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਛੰਨਾ ਅਤੇ ਜਨਰਲ ਸਕੱਤਰ ਵਿਪਨ ਕੁਮਾਰ ਮਾਨਸਾ ਨੇ ਕਿਹਾ ਕਿ ਮੁਲਾਜ਼ਮ ਵਰਗ ਨੇ ‘ਆਪ’ ਨੂੰ ਮੁਲਾਜ਼ਮ ਵਰਗ ਦੀ ਹਮਾਇਤੀ ਮੰਨ ਕੇ ਸਰਕਾਰ ਬਣਾਉਣ ’ਚ ਡਟ ਕੇ ਮਦਦ ਕੀਤੀ ਸੀ। ਪੰਜਾਬ ਸਰਕਾਰ ਦੀ ਇਸ ਨੀਤੀ ਖ਼ਿਲਾਫ਼ ਵੈਟਰਨਰੀ ਇੰਸਪੈਕਟਰ ਕੇਡਰ ’ਚ ਰੋਸ ਦੀ ਲਹਿਰ ਹੈ ਤੇ ਪੰਜਾਬ ਦੇ ਵੈਟਰਨਰੀ ਇੰਸਪੈਕਟਰ 7 ਜੁਲਾਈ ਨੂੰ ਜਲੰਧਰ ਵਿੱਚ ਮੁੱਖ ਮੰਤਰੀ ਦੀ ਰਿਹਾਇਸ਼ ਘੇਰਨਗੇ।