ਦਰਸ਼ਨ ਸਿੰਘ ਸੋਢੀ
ਐਸਏਐਸ ਨਗਰ (ਮੁਹਾਲੀ), 3 ਜੁਲਾਈ
ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ’ਤੇ ਮੁਹਾਲੀ ਨਗਰ ਨਿਗਮ ਨੇ ਕਾਫ਼ੀ ਜੱਦੋ-ਜਹਿਦ ਤੋਂ ਬਾਅਦ ਆਖ਼ਰਕਾਰ ਸ਼ਹਿਰ ’ਚੋਂ ਕੂੜੇ ਦੀ ਨਿਕਾਸੀ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਕੂੜੇ ਦੀ ਪ੍ਰੋਸੈਸਿੰਗ ਦਾ ਕੰਮ ਪ੍ਰਾਈਵੇਟ ਕੰਪਨੀ ਨੂੰ ਸੌਂਪਿਆ ਗਿਆ ਹੈ ਅਤੇ ਆਉਂਦੇ ਦਿਨਾਂ ਵਿੱਚ ਕੂੜੇ ਦੀ ਸਮੱਸਿਆ ਦਾ ਹੱਲ ਹੋ ਜਾਵੇਗਾ।
‘ਆਪ’ ਵਿਧਾਇਕ ਕੁਲਵੰਤ ਸਿੰਘ ਨੇ ਦੱਸਿਆ ਕਿ ਸ਼ਹਿਰ ’ਚੋਂ ਇਕੱਤਰ ਹੁੰਦੇ ਕੂੜੇ ਦੀ ਨਿਕਾਸੀ ਦਾ ਕੰਮ ਸ਼ੁਰੂ ਹੋ ਗਿਆ ਹੈ। ਪ੍ਰਾਈਵੇਟ ਕੰਪਨੀ ਵੱਲੋਂ ਆਰਐੱਮਸੀ ਕੇਂਦਰ (ਕੂੜੇਦਾਨਾਂ) ਤੋਂ ਕੂੜਾ ਲਿਜਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਅਤੇ ਜਲਦੀ ਹੀ ਮੁਹਾਲੀ ਵਿੱਚ ਖਾਲੀਆਂ ਥਾਵਾਂ ਅਤੇ ਸੜਕਾਂ ਕਿਨਾਰੇ ਪਏ ਕੂੜੇ ਨੂੰ ਚੁੱਕ ਕੇ ਕੂੜੇਦਾਨਾਂ ਵਿੱਚ ਸੁੱਟਿਆ ਜਾਵੇਗਾ, ਜਿੱਥੋਂ ਉਕਤ ਕੰਪਨੀ ਵੱਲੋਂ ਕੂੜੇ ਦੀ ਨਿਕਾਸੀ ਕੀਤੀ ਜਾਵੇਗੀ। ਇਸ ਨਾਲ ਸ਼ਹਿਰ ਵਾਸੀਆਂ ਨੇ ਸੁੱਖ ਦਾ ਸਾਹ ਲਿਆ ਹੈ। ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਸ਼ਹਿਰ ਵਾਸੀਆਂ ਦੀ ਵੀ ਇਹ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਗਿੱਲੇ ਅਤੇ ਸੁੱਕੇ ਕੂੜੇ ਨੂੰ ਆਪਣੇ ਘਰਾਂ ਵਿੱਚ ਹੀ ਵੱਖ-ਵੱਖ ਕਰ ਕੇ ਕੂੜਾ ਕਲੈਕਟਰਾਂ ਨੂੰ ਦੇਣ ਤਾਂ ਜੋ ਕੂੜੇ ਦੀ ਨਿਕਾਸੀ ਵਿੱਚ ਕੋਈ ਸਮੱਸਿਆ ਪੇਸ਼ ਨਾ ਆਵੇ।
ਜ਼ਿਕਰਯੋਗ ਹੈ ਕਿ ਹਾਈ ਕੋਰਟ ਅਤੇ ਨੈਸ਼ਨਲ ਗਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ’ਤੇ ਕੁੱਝ ਦਿਨ ਪਹਿਲਾਂ ਹੀ ਸ਼ਹਿਰ ’ਚੋਂ ਨਿਕਲਣ ਵਾਲੇ ਕੂੜੇ ਨੂੰ ਡੰਪਿੰਗ ਗਰਾਊਂਡ ਵਿੱਚ ਸੁੱਟਣ ’ਤੇ ਰੋਕ ਲਗਾ ਦਿੱਤੀ ਗਈ ਸੀ, ਜਿਸ ਕਾਰਨ ਸ਼ਹਿਰ ਦੀਆਂ ਸੜਕਾਂ ਅਤੇ ਖਾਲੀ ਥਾਵਾਂ ਵਿੱਚ ਕੂੜੇ ਦੇ ਢੇਰ ਲੱਗ ਗਏ ਸੀ ਅਤੇ ਥਾਂ-ਥਾਂ ’ਤੇ ਗੰਦਗੀ ਫੈਲ ਰਹੀ ਸੀ। ਇਸ ਨਾਲ ਸ਼ਹਿਰ ਵਿੱਚ ਬਿਮਾਰੀ ਫੈਲਣ ਦਾ ਖ਼ਤਰਾ ਵਧ ਗਿਆ ਸੀ। ਉੱਧਰ, ਸਨਅਤੀ ਏਰੀਆ ਫੇਜ਼-8 ਸਥਿਤ ਡੰਪਿੰਗ ਗਰਾਊਂਡ ਜਿੱਥੇ ਕੂੜੇ ਦਾ ਪਹਾੜ ਬਣ ਗਿਆ ਸੀ, ਉੱਥੇ ਕੂੜੇ ਦੀ ਪ੍ਰੋਸੈਸਿੰਗ ਹੋਣ ਕਾਰਨ ਕਾਫ਼ੀ ਥਾਂ ਖਾਲੀ ਹੋ ਗਈ ਹੈ। ਇੱਥੇ ਹੁਣ ਮੁੜ ਤੋਂ ਕੂੜਾ ਸੁੱਟਿਆ ਜਾਣ ਲੱਗਾ ਹੈ। ਇਸ ਤੋਂ ਇਲਾਵਾ ਨਗਰ ਨਿਗਮ ਵੱਲੋਂ ਆਪਣੇ ਪੱਧਰ ’ਤੇ ਵੀ ਸ਼ਹਿਰ ਵਿੱਚ 14 ਥਾਵਾਂ ’ਤੇ ਕੂੜੇ ਦੀ ਪ੍ਰੋਸੈਸਿੰਗ ਕੀਤੀ ਜਾ ਰਹੀ ਹੈ। ਕੂੜੇ ਨੂੰ ਖਾਦ ਬਣਾਉਣ ਸਮੇਤ ਹੋਰਨਾਂ ਕੰਮਾਂ ਲਈ ਵਰਤੋਂ ਵਿੱਚ ਲਿਆਂਦਾ ਜਾ ਰਿਹਾ ਹੈ ਅਤੇ ਬਾਕੀ ਵੇਸਟ ਨੂੰ ਨਸ਼ਟ ਕੀਤਾ ਜਾ ਰਿਹਾ ਹੈ।