ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 3 ਜੁਲਾਈ
ਗੀਤਾ ਵਿਦਿਆ ਮੰਦਰ ਵਿਖੇ ਅੱਜ ਸਰਕਾਰੀ ਹੁਕਮਾਂ ’ਤੇ ਪੌਦੇ ਲਾਉਣ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਸਮਾਜ ਸੇਵੀ ਤੇ ਉਦਯੋਗਪਤੀ ਸੰਦੀਪ ਗਰਗ ਲਾਡਵਾ, ਗੁਲਸ਼ਨ ਕਵਾਤਰਾ ਪ੍ਰਧਾਨ ਨਗਰਪਾਲਿਕਾ, ਅਮਿਤ ਅਗਰਵਾਲ ਪ੍ਰਬੰਧਕ ਤੇ ਸਕੂਲ ਦੀ ਪ੍ਰਿੰਸੀਪਲ ਨਿਸ਼ਾ ਗੋਇਲ ਨੇ ਬੂਟੇ ਲਾ ਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਇਸ ਮੌਕੇ ਸੰਦੀਪ ਗਰਗ ਨੇ ਕਿਹਾ ਕਿ ਕੁਦਰਤੀ ਸੰਤੁਲਨ ਬਣਾਏ ਰੱਖਣ ਲਈ ਅਤੇ ਆਪਣੇ ਆਸਪਾਸ ਦੇ ਵਾਤਾਵਰਣ ਨੂੰ ਸ਼ੁੱਧ ਬਣਾਏ ਰੱਖਣ ਲਈ ਬੂਟੇ ਲਾਉਣਾ ਜ਼ਰੂਰੀ ਹੈ। ਪੌਦਿਆਂ ਰਾਹੀਂ ਕੁਦਰਤ ਸਾਰੇ ਪ੍ਰਾਣੀਆਂ ’ਤੇ ਉਪਕਾਰ ਕਰਦੀ ਹੈ। ਰੁੱਖ ਸਾਨੂੰ ਫਲ, ਛਾਂ, ਲੱਕੜੀ ਤੇ ਕਈ ਜ਼ਰੂਰੀ ਵਸਤੂਆਂ ਪ੍ਰਦਾਨ ਕਰਦੇ ਹਨ। ਅਮਿਤ ਅਗਰਵਾਲ ਨੇ ਕਿਹਾ ਕਿ ਰੁੱਖ ਹਵਾ ਤੋਂ ਕਾਰਬਨ ਡਾਈਆਕਸਾਈਡ ਲੈਂਦੇ ਹਨ ਤੇ ਉਸ ਨੂੰ ਸ਼ੁੱਧ ਕਰ ਕੇ ਸਾਡੇ ਲਈ ਆਕਸੀਜਨ ਛੱਡਦੇ ਹਨ।
ਉਨ੍ਹਾਂ ਕਿਹਾ ਕਿ ਰੁੱਖਾਂ ਤੋਂ ਸਾਨੂੰ ਬਾਲਣ, ਕਾਗਜ਼, ਭੋਜਨ ਆਦਿ ਵੀ ਮਿਲਦਾ ਹੈ। ਨਿਸ਼ਾ ਗੋਇਲ ਨੇ ਕਿਹਾ ਕਿ ਪੌਦੇ ਕੁਦਰਤੀ ਸੰਤੁਲਨ ਬਣਾਏ ਰੱਖਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ, ਉਹ ਕਾਰਬਨ ਗੈਸ ਨੂੰ ਵੱਖਰਾ ਕਰ ਕੇ ਮੌਸਮ ਬਦਲਣ ਵਿਚ ਸਹਾਈ ਹੁੰਦੇ ਹਨ, ਜਿਸ ਨਾਲ ਵਾਤਾਵਰਣ ਵਿਚ ਗਰੀਨ ਹਾਊਸ ਗੈਸਾਂ ਦੀ ਘਾਟ ਹੋ ਜਾਂਦੀ ਹੈ। ਪੌਦੇ ਲਾਉਣਾ ਚੰਗੇ ਜੀਵਨ ਲਈ ਬਹੁਤ ਹੀ ਜ਼ਰੂਰੀ ਹਨ। ਇਸ ਮੌਕੇ ਸਕੂਲੀ ਵਿਦਿਆਰਥੀ, ਉਨ੍ਹਾਂ ਦੇ ਮਾਪੇ ਤੇ ਅਚਾਰੀਆ ਮੌਜੂਦ ਸਨ।