ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 3 ਜੁਲਾਈ
ਜ਼ਿਲ੍ਹਾ ਕੁਰੂਕਸ਼ੇਤਰ ਦੇ ਨਵ-ਨਿਯੁਕਤ ਜ਼ਿਲ੍ਹਾ ਪੁਲੀਸ ਕਪਤਾਨ ਜਸ਼ਨਦੀਪ ਸਿੰਘ ਰੰਧਾਵਾ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ। ਪੁਲੀਸ ਹੈੱਡ ਕੁਆਰਟਰ ਪੁੱਜਣ ’ਤੇ ਪੁਲੀਸ ਗਾਰਡ ਨੇ ਉਨ੍ਹਾਂ ਨੂੰ ਸਲਾਮੀ ਦਿੱਤੀ। ਪੁਲੀਸ ਹੈੱਡ ਕੁਆਰਟਰ ਦੇ ਉਪ ਪੁਲੀਸ ਕਪਤਾਨ ਅਸ਼ੋਕ ਕੁਮਾਰ ਸਣੇ ਸਾਰੇ ਪੁਲੀਸ ਉਪ ਕਪਤਾਨਾਂ ਨੇ ਉਨ੍ਹਾਂ ਦਾ ਗੁਲਦਸਤਾ ਦੇ ਕੇ ਸਵਾਗਤ ਕੀਤਾ। ਆਪਣੇ ਅਹੁਦੇ ਦਾ ਚਾਰਜ ਸੰਭਾਲਣ ਤੋਂ ਬਾਅਦ ਉਨ੍ਹਾਂ ਨੇ ਪੁਲੀਸ ਹੈੱਡ ਕੁਆਰਟਰ ਵਿੱਚ ਤਾਇਨਾਤ ਸਾਰੇ ਅਧਿਕਾਰੀਆਂ ਤੇ ਬਰਾਂਚ ਇੰਚਾਰਜਾਂ ਦੀ ਬੈਠਕ ਲਈ ਅਤੇ ਸਭ ਨਾਲ ਜਾਣ ਪਹਿਚਾਣ ਕੀਤੀ। ਉਨ੍ਹਾਂ ਨੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਦਫ਼ਤਰ ਵਿਚ ਚੱਲ ਰਹੀਆਂ ਗਤੀਵਿਧੀਆਂ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾਵੇ। ਉਨ੍ਹਾਂ ਨੇ ਸਾਰੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕਿਸੇ ਵੀ ਬਰਾਂਚ ਵਿਚ ਬੇਲੋੜਾ ਕੰਮ ਲੰਬਿਤ ਨਾ ਰੱਖਿਆ ਜਾਵੇ। ਉਨ੍ਹਾਂ ਨੇ ਦਫ਼ਤਰੀ ਡਿਊਟੀਆਂ ਸਬੰਧੀ ਵੀ ਲੋੜੀਂਦੀਆਂ ਹਦਾਇਤਾਂ ਦਿੱਤੀਆਂ। ਜ਼ਿਲ੍ਹਾ ਪੁਲੀਸ ਕਪਤਾਨ ਨੇ ਕਿਹਾ ਕਿ ਪੁਲੀਸ ਮੁਲਾਜ਼ਮਾਂ ਦੀ ਭਲਾਈ ਦਾ ਪੂਰਾ ਖਿਆਲ ਰੱਖਿਆ ਜਾਵੇਗਾ। ਕਿਸੇ ਵੀ ਅਧਿਕਾਰੀ ਜਾਂ ਕਰਮਚਾਰੀ ਦੀ ਅਨੁਸ਼ਾਸਨਹੀਣਤਾ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕੋਈ ਵੀ ਮੁਲਾਜ਼ਮ ਆਪਣੀ ਨਿੱਜੀ ਜਾਂ ਵਿਭਾਗੀ ਸਮੱਸਿਆ ਉਨ੍ਹਾਂ ਕੋਲ ਰੱਖ ਸਕਦਾ ਹੈ। ਜ਼ਿਲ੍ਹਾ ਪੁਲੀਸ ਕਪਤਾਨ ਜਸ਼ਨਦੀਪ ਸਿੰਘ ਰੰਧਾਵਾ ਨੇ ਕਿਹਾ ਕਿ ਪੁਲੀਸ ਆਮ ਲੋਕਾਂ ਦੀ ਸੁਰੱਖਿਆ ਲਈ ਹਰ ਵੇਲੇ ਤੱਤਪਰ ਹੈ ਤੇ ਉਹ ਆਮ ਲੋਕਾਂ ਦੇ ਲੋਕ ਹਿੱਤ ਦੇ ਕੰਮਾਂ ਨੂੰ ਪਹਿਲ ਦੇ ਕੇ ਲੋੜੀਂਦੀ ਕਾਰਵਾਈ ਕਰੇ।