ਕੰਵਲਜੀਤ ਕੌਰ ਗਿੱਲ
ਵਾਤਾਵਰਨ ਸਾਇੰਸਦਾਨ ਅਤੇ ਸਾਬਕਾ ਮੇਅਰ ਕਲੌਡੀਆ ਸ਼ੀਨਬੌਮ ਨੂੰ ਮੈਕਸਿਕੋ ਦੀਆਂ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਨ ਅਤੇ ਮੁਲਕ ਦੀ ਪਹਿਲੀ ਔਰਤ ਰਾਸ਼ਟਰਪਤੀ ਬਣਨ ਦਾ ਮਾਣ ਪ੍ਰਾਪਤ ਹੋਇਆ ਹੈ। ਮੁਲਕ ਦੇ 200 ਸਾਲ ਪੁਰਾਣੇ ਮਰਦ ਪ੍ਰਧਾਨ ਸਮਾਜ ਵਿੱਚ ਵਿਸ਼ਾਲ ਪੱਧਰ ’ਤੇ ਹੋਈਆਂ ਚੋਣਾਂ (2 ਜੂਨ) ਵਿੱਚ ਸ਼ੀਨਬੌਮ ਦੀ ਜਿੱਤ ਨੂੰ ਇਤਿਹਾਸਕ ਪ੍ਰਾਪਤੀ ਵਜੋਂ ਦੇਖਿਆ ਜਾ ਰਿਹਾ ਹੈ। ਚੋਣ ਮੈਦਾਨ ਵਿੱਚ ਮੁੱਖ ਰੂਪ ਵਿੱਚ ਤਿੰਨ ਉਮੀਦਵਾਰਸਨ। ਤੀਜੇ ਸਥਾਨ ’ਤੇ ਆਉਣ ਵਾਲੇ ਉਮੀਦਵਾਰ ਜਾਰਜ ਮਾਇਨੇਜ਼ ਨੂੰ 10.57% ਅਤੇ ਐਕਸੋਚਿਲ ਗਲਵੇਸ 28.11% ਵੋਟਾਂ ਮਿਲੀਆਂ। ਕਲੌਡੀਆ ਸ਼ੀਨਬੌਮ ਨੇ 61.18% ਵੋਟਾਂ ਪ੍ਰਾਪਤ ਕਰ ਕੇ ਇਤਿਹਾਸ ਸਿਰਜਿਆ। ਮੋਰੀਨਾ ਪਾਰਟੀ ਦੇ ਪਹਿਲੇ ਰਾਸ਼ਟਰਪਤੀ ਲੋਪਸ ਓਬਰਾਡੋਰ ਤੋਂ ਬਾਅਦ ਕਲੌਡੀਆ ਸ਼ੀਨਬੌਮ 6 ਸਾਲਾਂ ਲਈ ਇਸ ਅਹੁਦੇ ’ਤੇ ਰਹੇਗੀ। ਮੈਕਸਿਕੋ ਦੀ ਸਮੁੱਚੀ ਜਨਤਾ, ਖਾਸ ਕਰ ਕੇ ਔਰਤਾਂ ਨੂੰ ਉਸ ਤੋਂ ਬਹੁਤ ਉਮੀਦਾਂ ਹਨ। ਜਨਤਾ ਨੂੰ ਭਰੋਸਾ ਹੈ ਕਿ ਜਿਹੜੇ ਕੰਮ ਪਹਿਲੀਆਂ ਪਾਰਟੀਆਂ ਦੇ ਅਹੁਦੇਦਾਰ ਨਹੀਂ ਕਰ ਸਕੇ ਜਾਂ ਉਹ ਲੋਕਾਂ ਦੀਆਂ ਉਮੀਦਾਂ ’ਤੇ ਪੂਰੀ ਤਰਾਂ ਨਹੀਂ ਉਤਰੇ, ਉਹ ਕੰਮ ਹੁਣ ਵਧੇਰੇ ਸੁਚੱਜੇ ਢੰਗ ਨਾਲ ਹੋਣਗੇ। ਮੈਕਸਿਕਨ ਸਮਾਜ ਭਾਵੇਂ ਮਰਦ ਪ੍ਰਧਾਨ ਰਿਹਾ ਹੈ, ਫਿਰ ਵੀ ਆਰਥਿਕ ਅਤੇ ਵਿਕਾਸ ਨਾਲ ਸਬੰਧਿਤ ਹੋਰ ਪ੍ਰੋਗਰਾਮ ਤੇ ਨੀਤੀਆਂ ਇਸ ਪ੍ਰਕਾਰ ਦੀਆਂ ਉਲੀਕੀਆਂ ਜਾਣਗੀਆਂ ਜਿਸ ਵਿੱਚ ਔਰਤਾਂ ਦੇ ਹਿੱਤਾਂ ਦਾ ਧਿਆਨ ਰੱਖਿਆ ਜਾਵੇਗਾ।
ਮੈਕਸਿਕੋ ਵਿੱਚ ਕੁਝ ਇਲਾਕੇ ਅਜਿਹੇ ਹਨ ਜਿੱਥੇ ਮੂਲ ਮੈਕਸਿਕਨ ਰਹਿੰਦੇ ਹਨ। ਉਹ ਆਦੀਵਾਸੀ ਨਹੀਂ ਪਰ ਉਨ੍ਹਾਂ ਦਾ ਆਪਣਾ ਸਮਾਜਿਕ ਸੱਭਿਆਚਾਰਕ ਭਾਈਚਾਰਾ ਹੈ, ਇਹ ਨਸਲਵਾਦ ਦਾ ਸਿ਼ਕਾਰ ਹੋ ਰਹੇ ਹਨ। ਇਨ੍ਹਾਂ ਇਲਾਕਿਆਂ ਵਿੱਚ ਗਰੀਬੀ ਬਹੁਤ ਜਿ਼ਆਦਾ ਹੈ। 20% ਦੇ ਕਰੀਬ ਲੋਕ ਘੋਰ ਗਰੀਬੀ ਵਾਲੀ ਜਿ਼ੰਦਗੀ ਬਸਰ ਕਰ ਰਹੇ ਹਨ। ਗਰੀਬੀ ਦਾ ਭਾਰ ਔਰਤਾਂ ਉੱਪਰ ਵਧੇਰੇ ਹੈ। ਆਧੁਨਿਕ ਸਿਹਤ ਸਹੂਲਤਾਂ ਦੀ ਅਣਹੋਂਦ ਅਤੇ ਅਨਪੜ੍ਹਤਾ ਤੋਂ ਇਲਾਵਾ ਇਨ੍ਹਾਂ ਔਰਤਾਂ ਦੇ ਜ਼ਮੀਨੀ ਹੱਕ ਨਾ-ਮਾਤਰ ਹਨ। ਗਰੀਬੀ ਕਾਰਨ ਔਰਤਾਂ ਘਰੇਲੂ ਹਿੰਸਾ ਦਾ ਸਿ਼ਕਾਰ ਵੀ ਹੁੰਦੀਆਂ ਹਨ। ਵੋਟਾਂ ਦਾ ਕਾਰਜ ਸਮਾਪਤ ਹੋਣ ਮਗਰੋਂ ਪ੍ਰੈੱਸ ਰਿਪੋਰਟਰਾਂ ਨੇ ਇਨ੍ਹਾਂ ਔਰਤਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਸਪਸ਼ਟ ਕਿਹਾ ਕਿ ਅਸੀਂ ਸ਼ੀਨਬੌਮ ਨੂੰ ਵੋਟਾਂ ਉਸ ਦੇ ਔਰਤ ਹੋਣ ਦੇ ਨਾਲ-ਨਾਲ ਉਸ ਦੀ ਕਾਬਲੀਅਤ ਅਤੇ ਮੇਅਰ ਦੇ ਤੌਰ ’ਤੇ ਕੰਮ ਕਾਜ ਦੇ ਤਰੀਕੇ ਨੂੰ ਧਿਆਨ ਵਿੱਚ ਰੱਖ ਕੇ ਪਾਈਆਂ ਹਨ। ਸ਼ੀਨਬੌਮ ਜਿਸ ਪਾਰਟੀ ਵੱਲੋਂ ਜਿੱਤੀ ਹੈ, ਉਸ ਦੀ ਵਿਚਾਰਧਾਰਾ ਖੱਬੇ ਪੱਖੀ ਹੋਣ ਕਾਰਨ ਲੋਕਾਂ ਦਾ ਵਿਸ਼ਵਾਸ ਹੈ ਕਿ ਇਹ ਪਾਰਟੀ ਲੋਕ ਪੱਖੀ ਕੰਮ ਕਾਜ ਨੂੰ ਪਹਿਲ ਦੇਵੇਗੀ।
1962 ਵਿੱਚ ਜਨਮੀ ਸ਼ੀਨਬੌਮ ਨੇ ਫਿਜਿ਼ਕਸ ਦੀ ਗ੍ਰੈਜੂਏਸ਼ਨ ਤੋਂ ਬਾਅਦ ਉਚੇਰੀ ਪੜ੍ਹਾਈ ਦੀ ਡਿਗਰੀ ਵਾਤਾਵਰਨ ਨਾਲ ਸਬੰਧਿਤ ਵਿਸ਼ਿਆਂ ਵਿੱਚ ਪ੍ਰਾਪਤ ਕੀਤੀ ਜਿਸ ਵਿੱਚ ਉਸ ਨੂੰ ਨੋਬੇਲ ਸ਼ਾਂਤੀ ਪੁਰਸਕਾਰ ਵੀ ਮਿਲਿਆ। ਨੈਸ਼ਨਲ ਰੀਜੈਨਰੇਸ਼ਨ ਮੂਵਮੈਂਟ ਦੀ ਮੋਰੀਨਾ ਪਾਰਟੀ ਨੇ ਪਹਿਲਾਂ ਤੋਂ ਚਲੇ ਆ ਰਹੇ ਰਾਸ਼ਟਰਪਤੀ ਲੋਪਸ ਓਬਰਾਡੋਰ ਤੋਂ ਬਾਅਦ ਮੌਜੂਦਾ ਆਮ ਚੋਣਾਂ ਦੌਰਾਨ ਸ਼ੀਨਬੌਮ ਨੂੰ ਇਸ ਅਹੁਦੇ ਲਈ ਨਾਮਜਦ ਕੀਤਾ। ਮੈਕਸਿਕੋ ਦੀਆਂ ਇਹ ਪਹਿਲੀਆਂ ਚੋਣਾਂ ਹਨ ਜਦੋਂ ਰਾਸ਼ਟਰਪਤੀ ਦੇ ਅਹੁਦੇ ਲਈ ਔਰਤ ਨੂੰ ਅਗਾਂਹ ਲਿਆਂਦਾ ਗਿਆ। ਸ਼ੀਨਬੌਮ ਦਾ ਸਮਾਜਿਕ ਮੁੱਦਿਆਂ ਲਈ ਫਿ਼ਕਰਮੰਦੀ ਅਤੇ ਸਿਆਸੀ ਮਸਲਿਆਂ ਲਈ ਖਾਸ ਰੁਚੀ ਦੀ ਬਦੌਲਤ ਉਹਨੇ ਸ਼ਾਨਦਾਰ ਜਿੱਤ ਵੀ ਪ੍ਰਾਪਤ ਕੀਤੀ। ਇਸ ਤੋਂ ਪਹਿਲੇ ਓਬਰਾਡੋਰ ਨੇ ਮੈਕਸਿਕੋ ਦੀ ਰਾਜਨੀਤੀ ਅਤੇ ਅਰਥਚਾਰੇ ਨੂੰ ਮੁੜ ਸੰਵਾਰਨ ਦੇ ਪੁਰਜ਼ੋਰ ਯਤਨ ਕੀਤੇ ਪਰ ਵਿਰੋਧੀ ਪਾਰਟੀਆਂ ਨੇ ਉਸ ਨੂੰ ਕਈ ਮੁੱਦਿਆਂ ਵਿੱਚ ਕਾਮਯਾਬ ਨਹੀਂ ਹੋਣ ਦਿੱਤਾ। ਕੰਮ ਵਿੱਚ ਰੁਕਾਵਟਾਂ ਪਾਉਣੀਆਂ, ਉਲੀਕੇ ਪ੍ਰੋਗਰਾਮ ਵਿੱਚ ਬੇਤੁਕੀਆਂ ਗ਼ਲਤੀਆਂ ਕੱਢਣੀਆਂ ਜਾਂ ਦੂਸ਼ਣਬਾਜ਼ੀ ਵਿਰੋਧੀ ਧਿਰਾਂ ਦਾ ਆਮ ਕੰਮ ਹੁੰਦਾ ਹੈ। ਕੋਈ ਵੀ ਸੱਤਾਧਾਰੀ ਪਾਰਟੀ ਜਾਂ ਸ਼ਖ਼ਸੀਅਤ ਜਦੋਂ ਕਿਸੇ ਕਾਰਨ ਵੱਡੀ ਗਿਣਤੀ ਦੇ ਮੁਫਾਦ ਪੂਰੇ ਕਰਨ ਵਿੱਚ ਸਫਲ ਨਹੀਂ ਹੁੰਦੀ ਜਾਂ ਮੁੱਠੀ ਭਰ ਲੋਕਾਂ ਦੇ ਹੱਥਾਂ ਵਿੱਚ ਖੇਡਣ ਲੱਗਦੀ ਹੈ ਤੇ ਲੋਕਾਂ ਦੇ ਆਮ ਮੁੱਦੇ ਸਿੱਖਿਆ, ਸਿਹਤ, ਰੁਜ਼ਗਾਰ ਆਦਿ ਨਜ਼ਰ ਅੰਦਾਜ਼ ਹੁੰਦੇ ਹਨ ਤਾਂ ਉਸ ਸੱਤਾ ਦੀ ਤਬਦੀਲੀ ਤੈਅ ਹੁੰਦੀ ਹੈ। ਇਸ ਸਮੇਂ ਮੈਕਸਿਕੋ ਅਜਿਹੀ ਹਾਲਤ ਵਿੱਚੋਂ ਹੀ ਲੰਘ ਰਿਹਾ ਸੀ। ਲੋਕ ਤਬਦੀਲੀ ਚਾਹੁੰਦੇ ਸਨ।
ਮੈਕਸਿਕੋ 200 ਸਾਲਾਂ ਤੋਂ ਮਰਦ ਪ੍ਰਧਾਨ ਸਮਾਜ ਹੈ। ਧਾਰਮਿਕ ਤੌਰ ’ਤੇ ਲੋਕ ਕੈਥੋਲਿਕ ਹਨ। ਰਾਜਨੀਤਕ ਕਾਰਜਾਂ ਵਿੱਚ ਵੱਡੇ ਕਾਰਪੋਰੇਟ ਘਰਾਣਿਆਂ ਦਾ ਦਖਲ ਹੈ। ਹੁਣ ਉਨ੍ਹਾਂ ਦੀ ਲੀਡਰ ਯਹੂਦੀ ਭਾਈਚਾਰੇ ਤੋਂ ਹੋਵੇਗੀ ਜਿਹੜੀ ਉਚ ਸਿੱਖਿਆ ਪ੍ਰਾਪਤ, ਸਾਇੰਸਦਾਨ ਅਤੇ ਵਾਤਾਵਰਨ ਮਾਹਿਰ ਹੈ। ਪਹਿਲੀ ਅਕਤੂਬਰ 2024 ਨੂੰ ਆਪਣਾ ਅਹੁਦਾ ਸੰਭਾਲਣ ਤੋਂ ਬਾਅਦ ਨਵੀਂ ਲੀਡਰਸਿ਼ਪ ਨੂੰ ਪੁਰਾਣੀਆਂ ਸਮੱਸਿਆਵਾਂ ਨਾਲ ਜੂਝਣਾ ਪਵੇਗਾ। ਕਈ ਨਵੀਂਆਂ ਚਣੌਤੀਆਂ ਦਾ ਸਾਹਮਣਾ ਵੀ ਕਰਨਾ ਪਵੇਗਾ। ਕੁਝ ਮੁੱਖ ਚਣੌਤੀਆਂ ਹਨ: ਸੁਰੱਖਿਆ ਨਾਲ ਸਬੰਧਿਤ ਮਸਲੇ, ਡਰੱਗ ਮਾਫੀਆ, ਸੋਚੇ ਸਮਝੇ ਢੰਗ ਨਾਲ ਹੁੰਦੇ ਜੁਰਮ, ਖਾਸ ਭਾਈਚਾਰੇ ਨੂੰ ਨਿਸ਼ਾਨਾ ਬਣਾ ਕੇ ਉਨ੍ਹਾਂ ਖਿ਼ਲਾਫ਼ ਬਣਦੇ ਕਤਲੇਆਮ ਦੇ ਕੇਸ, ਔਰਤਾਂ ਵਿਰੁੱਧ ਘਰੇਲੂ ਹਿੰਸਾ, ਆਰਥਿਕਤਾ ਨਾਲ ਸਬੰਧਿਤ ਮਸਲੇ (ਖਾਸ ਤੌਰ ’ਤੇ ਵਿਤੀ ਸੰਕਟ), ਗੁਆਂਢੀ ਦੇਸ਼ਾਂ ਨਾਲ ਦੁਵੱਲੇ ਵਪਾਰਕ ਸਬੰਧ, ਊਰਜਾ ਸਰੋਤ ਅਤੇ ਵਾਤਾਵਰਨ ਤਬਦੀਲੀ ਨਾਲ ਸਬੰਧਿਤ ਮੁਸ਼ਕਿਲਾਂ, ਨਜਾਇਜ਼ ਢੰਗ ਤਰੀਕਿਆਂ ਨਾਲ ਪਰਵਾਸ ਆਦਿ।
ਸਭ ਤੋਂ ਵੱਡੀ ਮੁਸ਼ਕਿਲ ਹੈ ਮੈਕਸਿਕੋ ਦੇ ਜੰਗਲਾਂ ਵੱਲੋਂ ਹੋ ਕੇ ਜਾਂ ਦਰਿਆ ਆਦਿ ਪਾਰ ਕਰ ਕੇ ਲਾਤੀਨੀ ਅਮਰੀਕਾ ਦੇ ਪਰਵਾਸੀਆਂ ਦਾ ਅਮਰੀਕਾ ਦੀ ਧਰਤੀ ’ਤੇ ਪਹੁੰਚਣਾ। ਮੈਕਸਿਕੋ ਦੇ ਗਰੀਬ ਮਜ਼ਦੂਰੀ ਅਤੇ ਹੋਰ ਨਿੱਕੇ ਮੋਟੇ ਕੰਮ ਦੀ ਭਾਲ ਖ਼ਾਤਿਰ ਅਮਰੀਕਾ ਵਿੱਚ ਦਾਖਲ ਹੋਣ ਦਾ ਯਤਨ ਕਰਦੇ ਹਨ ਅਤੇ ਉੱਥੇ ਲੁਕ ਛਿਪ ਕੇ ਰਹਿੰਦੇ ਹਨ। ਅਮਰੀਕਾ ਦੀ ਸਰਕਾਰ ਭਾਵੇਂ ਮੰਨੇ ਭਾਵੇਂ ਨਾ, ਸਚਾਈ ਇਹ ਹੈ ਕਿ ਅਮਰੀਕਾ ਦੀ ਖੇਤੀਬਾੜੀ ਵਿੱਚ 40 ਤੋਂ 50% ਮੈਕਸੀਕਨ ਕਾਮੇ ਹਨ ਜਿਹੜੇ ਨਜ਼ਾਇਜ਼ ਢੰਗ ਨਾਲ ਅਮਰੀਕਾ ਵਿੱਚ ਦਾਖਲ ਹੋਏ ਹਨ। ਦੂਜੀ ਵੱਡੀ ਸਮੱਸਿਆ ਡਰੱਗ ਮਾਫੀਏ ਅਤੇ ਗੈਂਗਸਟਰਾਂ ਦੀ ਹੈ। ਇਹ ਵੱਡੀ ਪੱਧਰ ਦੀਆਂ ਲੁਟਾਂ ਖੋਹਾਂ ਅੰਜਾਮ ਦਿੰਦੇ ਹਨ। ਇਸ ਤੋਂ ਇਲਾਵਾ ਅਮਰੀਕਾ ਅਤੇ ਮੈਕਸਿਕੋ ਵਿਚਾਲੇ ਵਪਾਰ ਦਾ ਰੌਲਾ ਵੀ ਹੈ; ਮਸਲਨ, ਮੈਕਸਿਕੋ ਦੀ ਮੱਕੀ ਜੈਵਿਕ ਨਹੀਂ ਪਰ ਅਮਰੀਕਾ ਵਿੱਚ ਛੱਲੀਆਂ ਦੀ ਮੰਗ ਵਧੇਰੇ ਹੈ। ਇਵੇਂ ਹੀ ਕਲੋਰੈਡੋ ਅਤੇ ਰੀਓ ਗਰਾਂਡ ਦੇ ਦਰਿਆਵਾਂ ਦੇ ਪਾਣੀ ਬਾਰੇ 1944 ਵਿੱਚ ਹੋਈ ਸੰਧੀ ਬਾਰੇ ਵੀ ਰੇੜਕਾ ਹੈ। ਵਾਤਾਵਰਨ ਦੀਆਂ ਤਬਦੀਲੀਆਂ ਕਾਰਨ ਮੈਕਸਿਕੋ 80 ਸਾਲ ਪਹਿਲਾਂ ਹੋਏ ਸਮਝੌਤੇ ਮੁਤਾਬਕ ਪਾਣੀ ਦੇਣ ਤੋਂ ਇਨਕਾਰੀ ਹੈ।
ਜਿੱਤ ਦੇ ਐਲਾਨ ਤੋਂ ਤੁਰੰਤ ਬਾਅਦ ਸ਼ੀਨਬੌਮ ਨੇ ਦੁਹਰਾਇਆ ਕਿ ਉਹ ਮੈਕਸਿਕੋ ਦੇ 200 ਸਾਲਾਂ ਦੇ ਜਮਹੂਰੀ ਕਾਲ ਦੌਰਾਨ ਪਹਿਲੀ ਔਰਤ ਰਾਸ਼ਟਰਪਤੀ ਬਣ ਰਹੀ ਹੈ। ਇਸ ਪਿੱਛੇ ਉਸ ਦੀਆਂ ਸਾਰੀਆਂ ਸਹੇਲੀਆਂ, ਮਾਵਾਂ, ਭੈਣਾਂ, ਨਾਨੀਆਂ, ਦਾਦੀਆਂ, ਧੀਆਂ, ਦੋਹਤੀਆਂ ਤੇ ਪੋਤੀਆਂ ਦੀ ਲਗਾਤਾਰ ਅਤੇ ਸਖਤ ਘਾਲਣਾ ਦਾ ਯੋਗਦਾਨ ਹੈ ਜਿਹੜੀਆਂ 200 ਸਾਲ ਤੋਂ ਮਰਦ ਪ੍ਰਧਾਨ ਸਮਾਜਿਕ ਵਰਤਾਰੇ ਤਹਿਤ ਅਧੀਨਗੀ ਵਾਲੀ ਜਿ਼ੰਦਗੀ ਬਸਰ ਕਰ ਰਹੀਆਂ ਸਨ। ਹੁਣ ਇਸ ਵਰਤਾਰੇ ਵਿੱਚ ਸੋਧ ਹੋਵੇਗੀ। ਮਰਦ ਔਰਤ ਬਰਾਬਰੀ ਵਾਲੇ ਸਮਾਜ ਦੀ ਸਿਰਜਣਾ ਕਰਨ ਦੇ ਯਤਨ ਕੀਤੇ ਜਾਣਗੇ। ਮਰਦਾਂ ਦੇ ਭਰਪੂਰ ਸਾਥ ਨਾਲ ਔਰਤਾਂ ਦੇ ਜੀਵਨ ਪੱਧਰ ਵਿੱਚ ਸੁਧਾਰ ਕਰਨ ਦੇ ਯਤਨ ਕੀਤੇ ਜਾਣਗੇ। ਸ਼ੀਨਬੌਮ ਨੇ ਭਰੋਸਾ ਦਵਾਇਆ ਹੈ ਕਿ ਆਰਥਿਕ ਸਮਾਜਿਕ ਸੁਧਾਰਾਂ, ਨੀਤੀਆਂ ਤੇ ਪ੍ਰੋਗਰਾਮਾਂ ਨੂੰ ਔਰਤਾਂ ਦੇ ਦ੍ਰਿਸ਼ਟੀਕੋਣ ਤੋਂ ਵਿਚਾਰਿਆ ਤੇ ਲਾਗੂ ਕੀਤਾ ਜਾਵੇਗਾ।
ਆਸ ਕੀਤੀ ਜਾਂਦੀ ਹੈ ਕਿ ਸ਼ੀਨਬੌਮ ਦੇ ਕਾਰਜ ਕਾਲ ਦੌਰਾਨ ਹੋਰ ਸਮੱਸਿਆਵਾਂ ਤੋਂ ਇਲਾਵਾ ਬੇਤਹਾਸ਼ਾ ਤੇ ਬੇਰੋਕ-ਟੋਕ ਹਿੰਸਕ ਘਟਨਾਵਾਂ ਉੱਪਰ ਕਾਬੂ ਪਾਇਆ ਜਾਵੇਗਾ। ਔਰਤਾਂ ਉੱਪਰ ਘਰੇਲੂ ਹਿੰਸਾ ਵੱਲ ਖਾਸ ਤਵੱਜੋ ਦੇਣੀ ਬਣਦੀ ਹੈ। ਨਾਜਾਇਜ਼ ਢੰਗਾਂ ਨਾਲ ਹੋ ਰਹੇ ਪਰਵਾਸ ਵਾਸਤੇ ਯੋਗ ਨੀਤੀ ਉਲੀਕੀ ਜਾਵੇ ਤਾਂ ਕਿ ਮਜਬੂਰੀ ਵਿੱਚ ਹੁੰਦੇ ਪਰਵਾਸ ਕਾਰਨ ਨੌਜਵਾਨਾਂ ਦੀਆਂ ਅਜਾਈਂ ਜਾਂਦੀਆਂ ਜਿ਼ੰਦਗੀਆਂ ਬਚਾਈਆਂ ਜਾ ਸਕਣ। ਔਰਤਾਂ ਦੇ ਅਧਿਕਾਰਾਂ ਦੀ ਸਪਸ਼ਟ ਸੂਚੀ ਹੋਵੇ ਅਤੇ ਇਨ੍ਹਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ। ਕੇਵਲ ਕਾਨੂੰਨ ਪਾਸ ਕਰ ਦੇਣ ਨਾਲ ਔਰਤ ਸ਼ਕਤੀਕਰਨ ਨਹੀਂ ਹੁੰਦਾ। 70 ਸਾਲ ਪਹਿਲਾਂ ਔਰਤਾਂ ਨੂੰ ਵੋਟ ਪਾਉਣ ਦਾ ਅਧਿਕਾਰ ਮਿਲ ਗਿਆ ਸੀ ਪਰ ਅਜੇ ਵੀ ਇਸ ਅਧਿਕਾਰ ਦੀ ਵਰਤੋਂ ਮਰਦਾਂ ਦੀ ਦੇਖ ਰੇਖ ਅਧੀਨ ਹੁੰਦੀ ਹੈ। ਇਸ ਬਾਰੇ ਔਰਤਾਂ ਨੂੰ ਜਾਗਰੂਕ ਕਰਨ ਦੀ ਜ਼ਰੂਰਤ ਹੈ।
ਸ਼ੀਨਬੌਮ ਦੇ ਸੱਤਾ ਵਿੱਚ ਆਉਣ ਨੇ ਔਰਤਾਂ ਨੂੰ ਵੱਡਾ ਸੁਨੇਹਾ ਦਿੱਤਾ ਹੈ ਕਿ ਜਿ਼ੰਦਗੀ ਵਿੱਚ ਭਾਵੇਂ ਕਿਸੇ ਵੀ ਪ੍ਰਕਾਰ ਦੀਆਂ ਔਕੜਾਂ, ਮੁਸ਼ਕਿਲਾਂ ਅਤੇ ਅੜਿੱਕੇ ਹੋਣ, ਜੇ ਦ੍ਰਿੜਤਾ ਨਾਲ ਮੁਕਾਬਲਾ ਕੀਤਾ ਜਾਵੇ ਤਾਂ ਮੁਕਾਮ ਹਾਸਲ ਕੀਤਾ ਜਾ ਸਕਦਾ ਹੈ। ਪਹਿਲਾਂ ਸ਼ੀਨਬੌਮ ਦੀ ਨਾਮਜ਼ਦਗੀ ਅਤੇ ਬਾਅਦ ਵਿੱਚ ਉਸ ਦੀ ਜਿੱਤ ਮਗਰੋਂ ਦੂਜੀਆਂ ਪਾਰਟੀਆਂ ਅਤੇ ਵਿਰੋਧੀ ਉਸ ਦੀ ਵਿਚਾਰਧਾਰਾ ਅਤੇ ਕਾਬਲੀਅਤ ਬਾਰੇ ਸ਼ੱਕ ਅਤੇ ਸਵਾਲ ਖੜ੍ਹੇ ਕੀਤੇ ਜਾ ਰਹੇ ਸਨ ਜਿਸ ਦਾ ਉਸ ਨੇ ਡਟ ਕੇ ਸਾਹਮਣਾ ਕੀਤਾ।
ਭਾਰਤੀ ਸਮਾਜ ਵਿੱਚ ਵੀ ਅਨੇਕ ਬੁੱਧੀਮਾਨ, ਪੜ੍ਹੀਆਂ ਲਿਖੀਆਂ ਅਤੇ ਜਾਗਰੂਕ ਔਰਤਾਂ ਹਨ। ਉਨ੍ਹਾਂ ਨੂੰ ਵੀ ਆਪਣੀ ਕਾਬਲੀਅਤ ਅਤੇ ਹੁਨਰ ਨੂੰ ਪਛਾਣਦੇ ਹੋਏ ਅੱਗੇ ਆਉਣਾ ਚਾਹੀਦਾ ਹੈ। ਮਰਦ ਔਰਤ ਬਰਾਬਰੀ ਵਾਲਾ ਸਮਾਜ ਸਿਰਜਣ ਵਾਸਤੇ ਪਿਛਾਂਹ ਖਿੱਚੂ ਕਦਰਾਂ ਕੀਮਤਾਂ ਨੂੰ ਨਕਾਰਦਿਆਂ ਇਨ੍ਹਾਂ ਔਰਤਾਂ ਨੂੰ ਹੀ ਪਹਿਲ ਕਦਮੀ ਕਰਨੀ ਪਵੇਗੀ। ਯਾਦ ਰਹੇ, ਉਦੇਸ਼ ਦੀ ਪ੍ਰਾਪਤੀ ਸਾਰਿਆਂ ਦੇ ਮਿਲਵਰਤਣ ਨਾਲ ਹੀ ਕੀਤੀ ਜਾ ਸਕਦੀ ਹੈ। ਇਸ ਵਾਸਤੇ ਆਪ ਅਤੇ ਆਪਣੇ ਆਲੇ ਦੁਆਲੇ ਨੂੰ ਸਿਖਿਅਤ, ਸਿਹਤਮੰਦ ਅਤੇ ਮਾਨਸਿਕ ਤੌਰ ’ਤੇ ਸੁਰੱਖਿਅਤ ਬਣਾਉਣਾ ਲਾਜ਼ਮੀ ਹੈ।
*ਪ੍ਰੋਫੈਸਰ (ਰਿਟਾ.), ਅਰਥ ਵਿਗਿਆਨ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੰਪਰਕ: 98551-22857