ਮਹੇਸ਼ ਸ਼ਰਮਾ
ਮੰਡੀ ਅਹਿਮਦਗੜ੍ਹ, 4 ਜੁਲਾਈ
ਬੀਤੇ ਸੋਮਵਾਰ ਲੋਕ ਸਭਾ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਰਾਹੁਲ ਗਾਂਧੀ ਦਰਮਿਆਨ ਅਗਨੀਵੀਰ ਯੋਜਨਾ ਦੇ ਸਬੰਧ ਵਿੱਚ ਹੋਈ ਬਹਿਸ ਤੋਂ ਬਾਅਦ ਲੁਧਿਆਣਾ ਜਿਲ੍ਹੇ ਦਾ ਪਿੰਡ ਰਾਮਗੜ੍ਹ ਸਰਦਾਰਾਂ ਕਾਂਗਰਸ ਪਾਰਟੀ ਵੱਲੋਂ ਅਗਨੀਵੀਰ ਸਕੀਮ ਵਿਰੁੱਧ ਸ਼ੁਰੂ ਕੀਤੀ ਮੁਹਿੰਮ ਦਾ ਕੇਂਦਰ ਬਿੰਦੂ ਬਣ ਗਿਆ ਹੈ।
ਜਨਵਰੀ ਮਹੀਨੇ ਦੌਰਾਨ ਨੌਸ਼ਹਿਰਾ ਸੀਮਾ ‘ਤੇ ਵੀਰਗਤੀ ਨੂੰ ਪ੍ਰਾਪਤ ਹੋਏ ਅਜੈ ਕੁਮਾਰ ਦੇ ਪਰਿਵਾਰ ਵੱਲੋਂ ਪਹਿਲਾਂ ਦਿੱਤੇ ਬਿਆਨ ਦੇ ਅਧਾਰ ‘ਤੇ ਰਾਹੁਲ ਗਾਂਧੀ ਵੱਲੋਂ ਇਹ ਦੋਸ਼ ਲਗਾਇਆ ਗਿਆ ਸੀ ਕਿ ਮੋਦੀ ਸਰਕਾਰ ਨੇ ਹੁਣ ਤੱਕ ਨਾ ਤਾਂ ਮ੍ਰਿਤਕ ਨੂੰ ਸ਼ਹੀਦ ਦਾ ਦਰਜਾ ਦਿੱਤਾ ਹੈ ਅਤੇ ਨਾ ਹੀ ਕੋਈ ਮੁਆਵਜ਼ਾ ਦਿੱਤਾ ਹੈ। ਅਗਨੀਵੀਰ ਦੇ ਪਿਤਾ ਨੇ ਵੀਡੀਓ ਸੰਦੇਸ਼ ਵਿੱਚ ਵੀ ਇਹ ਦੋਸ਼ ਲਗਾਏ ਸਨ।
ਉਧਰ ਰਾਹੁਲ ਗਾਂਧੀ ਦੇ ਦੋਸ਼ਾਂ ਨੂੰ ਨਕਾਰਦਿਆਂ ਭਾਰਤੀ ਸੇਨਾ ਵੱਲੋਂ ਸੋਸ਼ਲ ਮੀਡੀਆ ਰਾਹੀਂ ਇਹ ਦਾਅਵਾ ਕੀਤਾ ਸੀ ਕਿ ਪਰਿਵਾਰ ਨੂੰ ਕਰੀਬ 98 ਲੱਖ ਰੁਪਏ ਪਹਿਲਾਂ ਹੀ ਅਦਾ ਕੀਤੇ ਜਾ ਚੁੱਕੇ ਹਨ ਅਤੇ ਕਰੀਬ 67 ਲੱਖ ਰੁਪਏ ਦੀ ਹੋਰ ਰਕਮ ਕਾਨੂੰਨੀ ਪ੍ਰਕਿਰਿਆ ਪੂਰੀ ਕਰਨ ਉਪਰੰਤ ਦਿੱਤੀ ਜਾਵੇਗੀ।
ਇਸ ਸਬੰਧ ਵਿੱਚ ਜਦੋਂ ਸ਼ਹੀਦ ਦੇ ਪਿਤਾ ਚਰਨਜੀਤ ਸਿੰਘ ਤੇ ਮਾਤਾ ਮਨਜੀਤ ਕੌਰ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਦਲੀਲ ਦਿੱਤੀ ਕਿ ਉਨ੍ਹਾਂ ਨੂੰ ਹੁਣ ਤੱਕ ਸੂਬਾ ਸਰਕਾਰ ਵੱਲੋਂ ਮਿਲੀ ਇੱਕ ਕਰੋੜ ਰੁਪਏ ਦੀ ਰਾਸ਼ੀ ਤੋਂ ਇਲਾਵਾ ਬੈਂਕ ਤੋਂ ਅਜੈ ਕੁਮਾਰ ਦੇ ਬੀਮੇ ਦੇ ਪੰਜਾਹ ਲੱਖ ਰੁਪਏ ਮਿਲੇ ਸਨ। ਭਾਰਤੀ ਭਾਰਤੀ ਸੈਨਾ ਦਫ਼ਤਰ ਤੋਂ ਸਿਰਫ਼ 48 ਲੱਖ ਰੁਪਏ ਮਿਲੇ ਹਨ, ਜਿਸ ਬਾਰੇ ਇਹ ਨਹੀਂ ਪਤਾ ਕਿ ਇਹ ਪੈਸੇ ਕੇਂਦਰ ਸਰਕਾਰ ਤੋਂ ਭੇਜੇ ਗਏ ਹਨ ਕਿ ਕਿਸੇ ਹੋਰ ਵੱਲੋਂ।ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਰਾਸ਼ੀ ਤੋਂ ਉਹਨ੍ਹਾਂ ਕੁੱਝ ਨਹੀਂ ਲੈਣਾ ਇਸ ਨਾਲ ਉਨ੍ਹਾਂ ਦਾ ਪੁੱਤ ਨਹੀ ਮੁੜਕੇ ਆਵੇਗਾ।