ਪੱਤਰ ਪ੍ਰੇਰਕ
ਐੱਸਏਐੱਸ ਨਗਰ (ਮੁਹਾਲੀ), 4 ਜੁਲਾਈ
ਮੁਹਾਲੀ ਦੀ ਜੂਹ ਵਿੱਚ ਪੈਂਦੇ ਬਲੌਂਗੀ ’ਚ ਸਥਿਤ ਪਾਣੀ ਦੀ ਟੈਂਕੀ ਦੇ ਪਿਛਲੇ ਪਾਸੇ ਖਾਲੀ ਪਲਾਟ ਵਿੱਚੋਂ ਅੱਜ ਇੱਕ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ। ਮ੍ਰਿਤਕ ਦੀ ਪਛਾਣ ਵਿਪਨ ਸ਼ਰਮਾ (26) ਵਾਸੀ ਪਿੰਡ ਦਾਊਂ ਵਜੋਂ ਹੋਈ ਹੈ। ਬਲੌਂਗੀ ਥਾਣੇ ਦੇ ਮੁਖੀ ਇੰਸਪੈਕਟਰ ਸੁਮਿਤ ਮੋਰ ਅਤੇ ਹੋਰ ਪੁਲੀਸ ਮੁਲਾਜ਼ਮਾਂ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ। ਨੌਜਵਾਨ ਜ਼ਮੀਨ ’ਤੇ ਡਿੱਗਿਆ ਹੋਇਆ ਸੀ। ਜਿਸ ਥਾਂ ’ਤੇ ਇਹ ਲਾਸ਼ ਬਰਾਮਦ ਹੋਈ ਹੈ ਉਸ ਦੇ ਨਾਲ ਇੱਕ ਕੰਧ ਬਣੀ ਹੋਈ ਹੈ। ਇੰਝ ਜਾਪਦਾ ਹੈ ਕਿ ਨੌਜਵਾਨ ਕੰਧ ਤੋਂ ਹੇਠਾਂ ਡਿੱਗ ਗਿਆ ਹੋਵੇ ਅਤੇ ਉਸ ਦੀ ਮੌਤ ਹੋ ਗਈ। ਥਾਣਾ ਮੁਖੀ ਨੇ ਕਿਹਾ ਕਿ ਪੋਸਟਮਾਰਟਮ ਦੀ ਰਿਪੋਰਟ ਮਿਲਣ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਬਾਰੇ ਪਤਾ ਲੱਗੇਗਾ।