ਪੱਤਰ ਪ੍ਰੇਰਕ
ਫਗਵਾੜਾ, 4 ਜੁਲਾਈ
ਇਥੋਂ ਦੇ ਹੁਸ਼ਿਆਰਪੁਰ ਰੋਡ ਸਥਿਤ ਇੱਕ ਮੋਬਾਈਲਾਂ ਦੀ ਦੁਕਾਨ ਵਿੱਚ ਦੇਰ ਰਾਤ ਚੋਰੀ ਹੋ ਗਈ। ਵਧਵਾ ਮੋਬਾਈਲ ਸਟੋਰ ਦੇ ਮਾਲਕ ਅਮਨ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਅੱਜ ਸਵੇਰੇ 4 ਵਜੇ ਚੌਕੀਦਾਰ ਦਾ ਫ਼ੋਨ ਆਇਆ ਤੇ ਜਦੋਂ ਉਸ ਨੇ ਆ ਦੇਖਿਆ ਤਾਂ ਉਸ ਦੀ ਦੁਕਾਨ ਦਾ ਸ਼ਟਰ ਟੁੱਟਾ ਹੋਇਆ ਸੀ ਤੇ ਅੰਦਰ ਸਾਰਾ ਸਾਮਾਨ ਖਿੱਲਰਿਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਚੋਰ ਗੱਲੇ ’ਚੋਂ 50 ਹਜ਼ਾਰ ਰੁਪਏ ਦੀ ਨਕਦੀ, ਪੁਰਾਣੇ, ਨਵੇਂ ਤੇ ਰਿਪੇਅਰ ਲਈ ਆਏ ਫ਼ੋਨ ਲੈ ਗਏ ਜਿਸ ਨਾਲ ਉਨ੍ਹਾਂ ਦਾ ਡੇਢ ਲੱਖ ਤੋਂ ਵੱਧ ਦਾ ਨੁਕਸਾਨ ਹੋਇਆ ਹੈ।
ਇਸੇ ਤਰ੍ਹਾਂ ਲੁਟੇਰੇ ਜੀਟੀਰੋਡ ’ਤੇ ਇੱਕ ਦੁਕਾਨਦਾਰ ਨੂੰ ਨਿਸ਼ਾਨਾ ਬਣਾ ਕੇ ਉਸ ਪਾਸੋਂ ਹਜ਼ਾਰਾ ਰੁਪਏ ਦੀ ਨਕਦੀ ਲੈ ਕੇ ਫ਼ਰਾਰ ਹੋ ਗਏ। ਅਸ਼ਵਨੀ ਕੁਮਾਰ ਨੇ ਦੱਸਿਆ ਕਿ ਉਸ ਦੀ ਟਾਇਰਾਂ ਦੀ ਦੁਕਾਨ ਭਾਈ ਲਾਲੋ ਕਾਲਜ ਨੇੜੇ ਹੈ ਤੇ ਬੀਤੀ ਸ਼ਾਮ ਆਪਣੇ ਵਰਕਰ ਸੋਨੂੰ ਸਮੇਤ ਬੈਠਾ ਸੀ ਤਾਂ ਮੋਟਰਸਾਈਕਲ ’ਤੇ ਆਏ ਦੋ ਨੌਜਵਾਨ ਦਾਤਰ ਦਿਖਾ ਕੇ 23 ਹਜ਼ਾਰ ਰੁਪਏ ਦੀ ਨਕਦੀ ਲੈ ਗਏ। ਜਦ ਉਨ੍ਹਾਂ ਦੇ ਦੁਕਾਨ ’ਤੇ ਮੌਜੂਦ ਵਰਕਰ ਸੋਨੂ ਨੇ ਇਨ੍ਹਾਂ ਦਾ ਮੁਕਾਬਲਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਉਸ ਨੂੰ ਦਾਤਰ ਮਾਰ ਕੇ ਜ਼ਖਮੀ ਕਰ ਦਿੱਤਾ। ਦੋਵੇਂ ਮਾਮਲਿਆਂ ਵਿੱਚ ਪੁਲੀਸ ਨੇ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।