ਅੰਮ੍ਰਿਤਸਰ:
ਮੰਚ ਰੰਗਮੰਚ ਅਤੇ ਵਿਰਸਾ ਵਿਹਾਰ ਅੰਮ੍ਰਿਤਸਰ ਵੱਲੋਂ ਕੀਤੇ ਜਾ ਰਹੇ ਪੰਜ ਰੋਜ਼ਾ ਨਾਟ ਉਤਸਵ ਦੇ ਚੌਥੇ ਦਿਨ ਕੇਵਲ ਧਾਲੀਵਾਲ ਦੀ ਨਿਰਦੇਸ਼ਨਾਂ ਹੇਠ ਤਿੰਨ ਕਹਾਣੀਆਂ ’ਤੇ ਆਧਾਰਿਤ ਨਾਟਕਾਂ ਦਾ ਮੰਚਨ ਕੀਤਾ ਗਿਆ। ਇਨ੍ਹਾਂ ਤਿੰਨ ਕਹਾਣੀਆਂ ਦੇ ਲੇਖਕ ਡਾ. ਸਵਰਾਜਬੀਰ, ਵੀਨਾ ਵਰਮਾ ਤੇ ਮਨਿੰਦਰ ਸਿੰਘ ਕਾਂਗ ਹਨ। ਤਿੰਨ ਵੱਖ-ਵੱਖ ਕਹਾਣੀਆਂ ਦਾ ਮੰਚਨ ਕਲਾਕਾਰਾਂ ਨੇ ਸੰਬੋਧਨ ਤੇ ਅਦਾਕਾਰੀ ਦੇ ਹਾਵ-ਭਾਵ ਨਾਲ ਕੀਤਾ ਹੈ। ਪਹਿਲੀ ਕਹਾਣੀ ‘ਖੁਸ਼ਬੂ’ ਡਾ. ਸਵਰਾਜਬੀਰ ਦੀ ਲਿਖੀ ਹੋਈ ਹੈ। ਇਹ ਇਕ ਬਾਪ ਵਲੋਂ ਅਣਖ਼ ਖਾਤਰ ਆਪਣੀ ਹੀ ਧੀ ਦੇ ਕੀਤੇ ਕਤਲ ਦੀ ਕਹਾਣੀ ਹੈ। ਦੂਜੀ ਕਹਾਣੀ ਵੀਨਾ ਵਰਮਾ ਦੀ ‘ਹੁਣ ਮੈਂ ਸੈੱਟ ਹਾਂ’ ਹੈ, ਇਸ ਕਹਾਣੀ ਵਿੱਚ ਵਿਦੇਸ਼ ਪੜ੍ਹਨ ਗਏ ਨੌਜਵਾਨ ਦੀ ਗਾਥਾ ਹੈ। ਤੀਜੀ ਕਹਾਣੀ ਮਨਿੰਦਰ ਕਾਂਗ ਦੀ ਪ੍ਰਸਿੱਧ ਰਚਨਾ ‘ਭਾਰ’ ਹੈ। ਇਸ ਨਾਟਕ ਵਿੱਚ ਸਾਜਨ ਕੋਹਿਨੂਰ ਅਤੇ ਯੁਵਨੀਸ਼ ਸ਼ਰਮਾ ਨੇ ਅਦਾਕਾਰੀ ਪੇਸ਼ ਕੀਤੀ। ਨਾਟਕ ਦਾ ਗੀਤ ਤੇ ਸੰਗੀਤ ਕੁਸ਼ਾਗਰ ਕਾਲੀਆ ਵੱਲੋਂ ਦਿੱਤਾ ਗਿਆ। ਇਸ ਮੌਕੇ ਡਾ. ਅਰਵਿੰਦਰ ਕੌਰ ਧਾਲੀਵਾਲ, ਭੁਪਿੰਦਰ ਸਿੰਘ ਸੰਧੂ ਤੇ ਗੁਰਦੇਵ ਸਿੰਘ ਮਹਿਲਾਂਵਾਲਾ ਆਦਿ ਸਨ। -ਟਨਸ