ਮੁਕੇਰੀਆਂ (ਪੱਤਰ ਪ੍ਰੇਰਕ)
ਕੰਢੀ ਖੇਤਰ ਦੇ ਗੜ੍ਹਦੀਵਾਲਾ ਨੇੜਲੇ ਪਿੰਡ ਭਾਣੋਵਾਲ ਵਿਖੇ ਪਰਵਾਸੀ ਮਜ਼ਦੂਰ ਦੀ ਕੰਢੀ ਕੈਨਾਲ ਨਹਿਰ ਵਿੱਚ ਡੁੱਬਣ ਕਾਰਨ ਮੌਤ ਹੋ ਗਈ। ਪੁਲੀਸ ਨੇ ਲਾਸ਼ ਸਿਵਲ ਹਸਪਤਾਲ ਦਸੂਹਾ ਵਿਖੇ ਪੋਸਟਮਾਰਟਮ ਲਈ ਰਖਵਾ ਦਿੱਤੀ ਹੈ। ਗੜ੍ਹਦੀਵਾਲਾ ਪੁਲੀਸ ਦੇ ਏਐੱਸਆਈ ਦਿਲਦਾਰ ਸਿੰਘ ਨੇ ਦੱਸਿਆ ਕਿ ਪਰਵਾਸੀ ਮਜ਼ਦੂਰ ਸੁਮਨ ਕੁਮਾਰ (28) ਪੁੱਤਰ ਦੁੱਗਲ ਯਾਦਵ ਵਾਸੀ ਬੜੀ ਗੋਬਿੰਦਪੁਰ ਸਟੇਟ (ਬਿਹਾਰ) ਹਾਲ ਵਾਸੀ ਐਮਾਂ ਮਾਂਗਟ (ਮੁਕੇਰੀਆਂ) ਜੋ ਕੁੱਝ ਦਿਨਾਂ ਤੋਂ ਪਿੰਡ ਭਾਣੋਵਾਲ ਵਿੱਚ ਕਿਸੇ ਘਰ ਵਿੱਚ ਟਾਈਲਾਂ ਲਗਾ ਰਿਹਾ ਸੀ। ਬੀਤੀ ਸ਼ਾਮ ਗਰਮੀ ਹੋਣ ਕਾਰਨ ਉਹ ਨਹਿਰ ਵਿੱਚ ਨਹਾਉਣ ਗਿਆ ਸੀ। ਅਚਾਨਕ ਉਸ ਦਾ ਪੈਰ ਤਿਲਕ ਗਿਆ। ਉਹ ਨਹਿਰ ਵਿੱਚ ਡਿੱਗ ਪਿਆ। ਡੁੱਬਣ ਕਾਰਨ ਉਸ ਦੀ ਮੌਤ ਹੋ ਗਈ। ਪੁਲੀਸ ਮੁਲਾਜ਼ਮਾਂ ਨੇ ਲੋਕਾਂ ਦੀ ਸਹਾਇਤਾ ਨਾਲ ਲਾਸ਼ ਨਹਿਰ ਵਿੱਚੋਂ ਬਾਹਰ ਕੱਢੀ।