ਨਵੀਂ ਦਿੱਲੀ, 4 ਜੁਲਾਈ
ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਅੱਜ ਕਿਹਾ ਕਿ ਦਿੱਲੀ ਤੇ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ’ਚ ਆਮ ਆਦਮੀ ਪਾਰਟੀ ਨਾਲ ਗੱਠਜੋੜ ਦੀ ਬਹੁਤੀ ਗੁੰਜਾਇਸ਼ ਦਿਖਾਈ ਨਹੀਂ ਦਿੰਦੀ। ਉਨ੍ਹਾਂ ਹਾਲਾਂਕਿ ਮਹਾਰਾਸ਼ਟਰ ਤੇ ਝਾਰਖੰਡ ਵਿਧਾਨ ਸਭਾ ਚੋਣਾਂ ਲਈ ‘ਇੰਡੀਆ’ ਗੱਠਜੋੜ ਬਰਕਰਾਰ ਰਹਿਣ ਦਾ ਦਾਅਵਾ ਕੀਤਾ ਹੈ। ਰਮੇਸ਼ ਨੇ ਪੀਟੀਆਈ ਨਾਲ ਗੱਲਬਾਤ ਕਰਦਿਆਂ ਇਹ ਵੀ ਕਿਹਾ ਕਿ ਜਿਨ੍ਹਾਂ ਸੂਬਿਆਂ ’ਚ ਕਾਂਗਰਸ ਤੇ ਸਹਿਯੋਗੀ ਪਾਰਟੀਆਂ ਦੇ ਨੇਤਾ ਚਾਹੁਣਗੇ ਉੱਥੇ ਇਹ ਗੱਠਜੋੜ ਬਰਕਰਾਰ ਰਹੇਗਾ। ਮਹਾਰਾਸ਼ਟਰ, ਝਾਰਖੰਡ, ਹਰਿਆਣਾ ਵਿੱਚ ਇਸ ਸਾਲ ਅਕਤੂਬਰ-ਨਵੰਬਰ ’ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਜਦਕਿ ਦਿੱਲੀ ’ਚ ਅਗਲੇ ਸਾਲ ਦੀ ਸ਼ੁਰੂਆਤ ’ਚ ਵਿਧਾਨ ਸਭਾ ਚੋਣਾਂ ਦੀ ਤਜਵੀਜ਼ ਹੈ। ਇਹ ਪੁੱਛੇ ਜਾਣ ’ਤੇ ਕਿ ਕੀ ਅਗਾਮੀ ਵਿਧਾਨ ਸਭਾ ਚੋਣਾਂ ’ਚ ਵੀ ‘ਇੰਡੀਆ’ ਗੱਠਜੋੜ ਬਰਕਰਾਰ ਰਹੇਗਾ, ਰਮੇਸ਼ ਨੇ ਕਿਹਾ, ‘ਇਹ ਝਾਰਖੰਡ ਤੇ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲਈ ਬਰਕਰਾਰ ਰਹੇਗਾ। ਪੰਜਾਬ ਵਿੱਚ ‘ਇੰਡੀਆ’ ਗੱਠਜੋੜ ਨਹੀਂ ਹੈ।’ -ਪੀਟੀਆਈ
‘ਅਸਲੀ ਪਰਜੀਵੀ ਭਾਜਪਾ, ਜੋ ਕਈ ਪਾਰਟੀਆਂ ਖਾ ਗਈ’
ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ‘ਪਰਜੀਵੀ’ ਵਾਲੀ ਟਿੱਪਣੀ ਨੂੰ ਲੈ ਕੇ ਉਨ੍ਹਾਂ ’ਤੇ ਜਵਾਬੀ ਹਮਲਾ ਕਰਦਿਆਂ ਕਿਹਾ ਕਿ ਸਹੀ ਮਾਇਨਿਆਂ ’ਚ ਭਾਰਤੀ ਜਨਤਾ ਪਾਰਟੀ ‘ਪਰਜੀਵੀ’ ਹੈ ਕਿਉਂਕਿ ਉਸ ਦਾ ਹੁਣ ਤੱਕ ਦਾ ਇਤਿਹਾਸ ਰਿਹਾ ਹੈ ਕਿ ਉਸ ਨੇ ਕਈ ਖੇਤਰੀ ਪਾਰਟੀਆਂ ਨੂੰ ਖਤਮ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ 18ਵੀਂ ਲੋਕ ਸਭਾ ਦੇ ਪਹਿਲੇ ਸੈਸ਼ਨ ਨੇ ਦਿਖਾਇਆ ਹੈ ਕਿ ‘ਇੰਡੀਆ’ ਗੱਠਜੋੜ ਦੇ ਰੂਪ ’ਚ ਇੱਕ ਨਵੀਂ ਤੇ ਹਮਲਾਵਰ ਵਿਰੋਧੀ ਧਿਰ ਉੱਭਰੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨੇ ਸੈਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਸਾਰਿਆਂ ਦੀ ਸਹਿਮਤੀ ਦੀ ਗੱਲ ਕੀਤੀ ਪਰ ਸਦਨ ਅੰਦਰ ਟਕਰਾਅ ਦਾ ਰਾਹ ਚੁਣਿਆ।