ਨਵੀਂ ਦਿੱਲੀ, 5 ਜੁਲਾਈ
ਕੌਮੀ ਮਹਿਲਾ ਕਮਿਸ਼ਨ (ਐੱਨਸੀਡਬਲਿਊ) ਨੇ ਮੁਖੀ ਰੇਖਾ ਸ਼ਰਮਾ ਖ਼ਿਲਾਫ਼ ਤ੍ਰਿਣਮੂਲ ਕਾਂਗਰਸ ਸੰਸਦ ਮੈਂਬਰ ਮਹੂਆ ਮੋਇਤਰਾ ਵੱਲੋਂ ਕੀਤੀ ਟਿੱਪਣੀ ਦਾ ਖ਼ੁਦ ਨੋਟਿਸ ਲੈਂਦਿਆਂ ਪੁਲੀਸ ਨੂੰ ਉਨ੍ਹਾਂ (ਮੋਇਤਰਾ) ਖ਼ਿਲਾਫ਼ ਐੱਫਆਈਆਰ ਦਰਜ ਕਰਨ ਦੀ ਅਪੀਲ ਕੀਤੀ ਹੈ। ਮੋਇਤਰਾ ਨੇ ‘ਐਕਸ’ ਉੱਤੇ ਵੀਡੀਓ ਪੋਸਟ ਕੀਤੀ ਹੈ, ਜਿਸ ਵਿੱਚ ਕੌਮੀ ਮਹਿਲਾ ਕਮਿਸ਼ਨ ਮੁਖੀ ਹਾਲ ਹੀ ’ਚ ਉੱਤਰ ਪ੍ਰਦੇਸ਼ ਦੇ ਹਾਥਰਸ ’ਚ ਹੋਈ ਭਗਦੜ ਵਾਲੇ ਸਥਾਨ ਵਲ ਜਾਂਦੀ ਦਿਖਾਈ ਦੇ ਰਹੀ ਹੈ, ’ਤੇ ਟਿੱਪਣੀ ਕੀਤੀ ਸੀ ਕਿ ‘‘ਉਹ (ਰੇਖਾ ਸ਼ਰਮਾ) ਆਪਣੇ ਬੌਸ ਦਾ ਪਜਾਮਾ ਸੰਭਾਲਣ ’ਚ ਰੁੱਝੀ ਹੋਈ ਹੈ।’’ ਕੌਮੀ ਮਹਿਲਾ ਕਮਿਸ਼ਨ ਨੇ ਐਕਸ ’ਤੇ ਪੋਸਟ ’ਚ ਕਿਹਾ, ‘‘ਇਹ ਘਟੀਆ ਟਿੱਪਣੀ ਅਪਮਾਨਜਨਕ ਹੈ ਅਤੇ ਮਰਿਆਦਾ ’ਚ ਰਹਿਣ ਵਾਲੀ ਇੱਕ ਔਰਤ ਦੇ ਅਧਿਕਾਰ ਦੀ ਉਲੰਘਣਾ ਹੈ। ਕਮਿਸ਼ਨ ਮੁਤਾਬਕ ਇਹ ਟਿੱਪਣੀ ਭਾਰਤੀ ਨਿਆਏ ਸੰਹਿਤਾ 2023 ਦੀ ਧਾਰਾ 79 ਅਧੀਨ ਆਉਂਦੀ ਹੈ।’’ ਐੱਨਸੀਡਬਲਿਊ ਨੇ ਇੱਕ ਬਿਆਨ ’ਚ ਕਿਹਾ ਕਿ ਇਸ ਸਬੰਧ ’ਚ ਦਿੱਲੀ ਪੁਲੀਸ ਨੂੰ ਰਸਮੀ ਸ਼ਿਕਾਇਤ ਦਰਜ ਕਰਵਾਈ ਗਈ ਹੈ ਅਤੇ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਪੱਤਰ ਭੇਜਿਆ ਗਿਆ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਮੋਇਤਰਾ ਦੀ ਟਿੱਪਣੀ ਨਿੰਦਣਯੋਗ ਹੈ ਅਤੇ ਇੱਕ ਸੰਸਦ ਮੈਂਬਰ ਵਜੋਂ ਇਹ ਉਨ੍ਹਾਂ ਦੇ ਰੁਤਬੇ ਮੁਤਾਬਕ ਢੁੱਕਵੀਂ ਨਹੀਂ ਹੈ। ਕਮਿਸ਼ਨ ਨੇ ਲੋਕ ਸਭਾ ਸਪੀਕਰ ਨੂੰ ਮਾਮਲੇ ਦਾ ਨੋਟਿਸ ਲੈਣ ਅਤੇ ਮੋਇਤਰਾ ਖ਼ਿਲਾਫ਼ ਢੁੱਕਵਾਂ ਕਦਮ ਚੁੱਕਣ ਦੀ ਅਪੀਲ ਕੀਤੀ ਹੈ। -ਪੀਟੀਆਈ