ਹਰਜੀਤ ਸਿੰਘ
ਜ਼ੀਰਕਪੁਰ, 5 ਜੁਲਾਈ
ਨਗਰ ਕੌਂਸਲ ਦੀ ਪ੍ਰਧਾਨਗੀ ਨੂੰ ਲੈ ਕੇ ਚੱਲ ਰਹੇ ਰੇੜਕੇ ਨੇ ਅੱਜ ਨਵਾਂ ਮੋੜ ਲੈ ਲਿਆ। ਪ੍ਰਧਾਨ ਉਦੈਵੀਰ ਸਿੰਘ ਢਿੱਲੋਂ ਖ਼ਿਲਾਫ਼ ਬੇਭਰੋਸਗੀ ਮਤੇ ਸਬੰਧੀ ਅੱਜ ਸੱਦੀ ਮੀਟਿੰਗ ਦੌਰਾਨ ਵਿਰੋਧੀ ਧਿਰ ਦਾ ਕੋਈ ਵੀ ਕੌਂਸਲਰ ਸ਼ਾਮਲ ਨਹੀਂ ਹੋਇਆ। ਪ੍ਰਸ਼ਾਸਨ ਵੱਲੋਂ ਕਾਨੂੰਨ ਵਿਵਸਥਾ ਦਾ ਹਵਾਲਾ ਦੇ ਕੇ ਐਨ ਮੌਕੇ ’ਤੇ ਮੀਟਿੰਗ ਰੱਦ ਦਿੱਤੀ ਗਈ।
ਜਾਣਕਾਰੀ ਅਨੁਸਾਰ ਜ਼ੀਰਕਪੁਰ ਦੇ ਕੁੱਲ 31 ਕੌਂਸਲਰਾਂ ਵਿੱਚੋਂ 21 ਕੌਂਸਲਰਾਂ ਵੱਲੋਂ ਦਸਤਖ਼ਤ ਕਰ ਕੇ ਬੇਭਰੋਸਗੀ ਦਾ ਮਤਾ ਪੇਸ਼ ਕੀਤਾ ਗਿਆ ਸੀ। ਨਿਯਮ ਮੁਤਾਬਕ ਪ੍ਰਧਾਨ ਵੱਲੋਂ ਬੇਭਰੋਸਗੀ ਮਤਾ ਮਿਲਣ ਦੇ 14 ਦਿਨ ਦੇ ਅੰਦਰ ਮੀਟਿੰਗ ਬੁਲਾਉਣੀ ਹੁੰਦੀ ਹੈ ਜਿਸ ਵਿੱਚ ਵਿਰੋਧੀ ਧਿਰ ਦੇ ਕੌਂਸਲਰਾਂ ਵੱਲੋਂ ਕੁੱਲ ਬਹੁਮਤ ਦਾ ਦੋ ਤਿਹਾਈ ਦੇ ਹਿਸਾਬ ਨਾਲ 22 ਵੋਟਾਂ ਨੂੰ ਪੇਸ਼ ਕਰਨਾ ਸੀ। ਪ੍ਰਧਾਨ ਉਦੈਵੀਰ ਢਿੱਲੋਂ ਵੱਲੋਂ ਅੱਜ ਦੁਪਹਿਰ ਸਵਾ ਤਿੰਨ ਵਜੇ ਮੀਟਿੰਗ ਸੱਦੀ ਗਈ ਸੀ। ਇਸ ਵਿੱਚ ਉਹ ਆਪਣੇ ਧੜੇ ਦੇ ਕੌਂਸਲਰਾਂ ਨਾਲ ਸਮੇਂ ਤੋਂ ਪਹਿਲਾਂ ਮੀਟਿੰਗ ਵਿੱਚ ਪਹੁੰਚ ਗਏ। ਇਸ ਦੌਰਾਨ ਮੀਟਿੰਗ ਵਿੱਚ ਨਾ ਤਾਂ ਕੋਈ ਕੌਂਸਲ ਦਾ ਅਧਿਕਾਰੀ ਪੁੱਜਾ ਤੇ ਨਾ ਹੀ ਵਿਰੋਧੀ ਧਿਰ ਦਾ ਕੌਂਸਲਰ। ਉਹ ਸ਼ਾਮ ਛੇ ਵਜੇ ਤੱਕ ਆਪਣੇ ਕੌਂਸਲਰਾਂ ਨਾਲ ਮੀਟਿੰਗ ਹਾਲ ਵਿੱਚ ਬੈਠੇ ਉਡੀਕ ਕਰਦੇ ਰਹੇ। ਇਸ ਦੌਰਾਨ ਪ੍ਰਧਾਨ ਢਿੱਲੋਂ ਇੱਕ ਵਾਰ ਖੁਦ ਉੱਠ ਕੇ ਕਾਰਜ ਸਾਧਕ ਅਫਸਰ ਅਸ਼ੋਕ ਪਥਰੀਆ ਦੇ ਕਮਰੇ ਵਿੱਚ ਉਨ੍ਹਾਂ ਨੂੰ ਬੁਲਾਉਣ ਵੀ ਗਏ। ਕਰੀਬ ਚਾਰ ਵਜੇ ਕੌਂਸਲ ਦਾ ਇੱਕ ਕਰਮਚਾਰੀ ਇੱਕ ਪੱਤਰ ਲੈ ਕੇ ਆਇਆ ਜਿਸ ਵਿੱਚ ਕਾਨੂੰਨ ਵਿਵਸਥਾ ਦਾ ਹਵਾਲਾ ਦਿੰਦਿਆਂ ਮੀਟਿੰਗ ਨੂੰ ਰੱਦ ਕਰਨ ਦਾ ਦਾਅਵਾ ਕੀਤਾ ਗਿਆ। ਪ੍ਰਧਾਨ ਉਦੈਵੀਰ ਸਿੰਘ ਢਿੱਲੋਂ ਨੇ ਦੋਸ਼ ਲਾਇਆ ਕਿ ਵਿਰੋਧੀ ਕੌਂਸਲਰਾਂ ਕੋਲ ਉਨ੍ਹਾਂ ਨੂੰ ਕੁਰਸੀ ਤੋਂ ਉੱਤਾਰਨ ਲਈ ਦੋ ਤਿਹਾਈ ਬਹੁਮਤ ਪੂਰਾ ਨਹੀਂ ਹੈ ਜਿਸ ਕਾਰਨ ਉਹ ਮੀਟਿੰਗ ਵਿੱਚ ਨਹੀਂ ਆਏ। ਉਨ੍ਹਾਂ ਨੇ ਦੋਸ਼ ਲਾਇਆ ਕਿ ਪ੍ਰਸ਼ਾਸਨ ਨੇ ਸਿਆਸੀ ਦਬਾਅ ਹੇਠ ਕਾਨੂੰਨ ਵਿਵਸਥਾ ਦਾ ਹਵਾਲਾ ਦੇ ਕੇ ਮੀਟਿੰਗ ਨੂੰ ਰੱਦ ਕਰਨ ਦਾ ਦਾਅਵਾ ਕੀਤਾ ਜਦਕਿ ਨਿਯਮ ਮੁਤਾਬਕ ਅੱਜ ਬੇਭਰੋਸਗੀ ਮਤਾ ਫੇਲ੍ਹ ਹੋ ਗਿਆ ਹੈ ਜੋ ਹੁਣ ਅਗਲੇ ਛੇ ਮਹੀਨੇ ਤੱਕ ਮੀਟਿੰਗ ਨੂੰ ਨਹੀਂ ਬੁਲਾ ਸਕਦੇ। ਦੂਜੇ ਪਾਸੇ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਅਸ਼ੋਕ ਪਥਰੀਆ ਨੇ ਕਿਹਾ ਕਿ ਅੱਜ ਦੀ ਮੀਟਿੰਗ ਲਈ ਡੇਰਾਬੱਸੀ ਤਹਿਸੀਲਦਾਰ ਨੂੰ ਡਿਊਟੀ ਮਜਿਸਟਰੇਟ ਲਾਇਆ ਗਿਆ ਸੀ ਜਿਨ੍ਹਾਂ ਨੇ ਕਾਨੂੰਨ ਵਿਵਸਥਾ ਦਾ ਹਵਾਲਾ ਕੇ ਦੇ ਮੀਟਿੰਗ ਨੂੰ ਰੱਦ ਕਰ ਦਿੱਤਾ ਹੈ। ਮੀਟਿੰਗ ਮੁੜ ਸੱਦੀ ਜਾਵੇਗੀ।
ਪ੍ਰਧਾਨ ਨੇ ਨਿਯਮਾਂ ਦੀ ਅਣਦੇਖੀ ਕੀਤੀ: ਵਿਰੋਧੀ ਧਿਰ
ਵਿਰੋਧੀ ਧਿਰ ਦੇ ਕੌਂਸਲਰ ਹਰਜੀਤ ਸਿੰਘ ਮਿੰਟਾ ਨੇ ਕਿਹਾ ਕਿ ਉਨ੍ਹਾਂ ਕੋਲ ਪ੍ਰਧਾਨ ਨੂੰ ਉਤਾਰਨ ਲਈ ਪੂਰਾ ਬਹੁਮਤ ਹੈ, ਪਰ ਪ੍ਰਧਾਨ ਢਿੱਲੋਂ ਵੱਲੋਂ ਜਾਣ-ਬੁੱਝ ਕੇ ਨਿਯਮਾਂ ਦੀ ਅਣਦੇਖੀ ਕਰ ਕੇ ਪਹਿਲਾ ਮੀਟਿੰਗ ਰੱਖੀ ਗਈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪ੍ਰਧਾਨ ਵੱਲੋਂ ਨਿਯਮਾਂ ਦੀ ਪਾਲਣਾ ਕਰ ਕੇ ਮੁੜ ਮੀਟਿੰਗ ਬੁਲਾਈ ਜਾਵੇਗੀ ਜਿਸ ਵਿੱਚ ਉਹ ਪੂਰਾ ਬਹੁਮਤ ਪੇਸ਼ ਕਰਨਗੇ।