ਹਰਪ੍ਰੀਤ ਸਿੰਘ ਕੋਹਲੀ
ਸੂਲਰ ਘਰਾਟ, 5 ਜੁਲਾਈ
ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸੂਲਰ ਘਰਾਟ ਵਿਖੇ ਹਲਕਾ ਦਿੜ੍ਹਬਾ ਦੇ ਪਿੰਡ ਹਰੀਗੜ੍ਹ ਦੇ ਪਿੰਡ ਵਾਸੀਆਂ ਨੇ ਸਰਕਾਰੀ ਪ੍ਰਾਇਮਰੀ ਸਕੂਲ ਹਰੀਗੜ੍ਹ ਵਿੱਚੋਂ ਸਕੂਲ ਮੁੱਖ ਅਧਿਆਪਕਾ ਵੱਲੋਂ ਬਿਨਾਂ ਪ੍ਰਵਾਨਗੀ ਦੇ ਦਰੱਖਤ ਵੱਢਣ ਵਿਰੁੱਧ ਮੰਗ ਪੱਤਰ ਸੌਂਪਿਆ। ਪਿੰਡ ਦੇ ਨੌਜਵਾਨਾਂ ਸਾਬਕਾ ਪੰਚ ਅਮ੍ਰਿਤਪਾਲ ਸਿੰਘ, ਗਗਨਦੀਪ ਸਿੰਘ, ਕ੍ਰਿਸ਼ਨ ਸਿੰਘ, ਦੇਸਰਾਜ ਸਿੰਘ ਨੇ ਉਚ ਅਧਿਕਾਰੀਆਂ ਤੋਂ ਕਾਰਵਾਈ ਦੀ ਮੰਗ ਕੀਤੀ ਹੈ।
ਉਧਰ, ਮੁੱਖ ਅਧਿਆਪਕਾ ਬਲਜੀਤ ਕੌਰ ਨੇ ਦੱਸਿਆ ਕਿ ਬੱਚਿਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਤਿੰਨ ਦਰੱਖਤ ਜੋ ਜ਼ਿਆਦਾ ਝੁਕੇ ਹੋਏ ਸਨ ਨੂੰ ਹੀ ਵੱਢਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਦਰੱਖਤਾਂ ਦੇ ਵੱਢਣ ਦੀ ਪ੍ਰਵਾਨਗੀ ਲਈ ਸਕੂਲ ਵੱਲੋਂ 2022 ਵਿੱਚ ਵਿਭਾਗ ਨੂੰ ਮਤਾ ਭੇਜਿਆ ਗਿਆ ਸੀ। ਪਿੰਡ ਦੀ ਸਰਪੰਚ ਦਲਜੀਤ ਕੌਰ ਦੇ ਪਤੀ ਗੁਰਚਰਨ ਸਿੰਘ ਫੌਜੀ ਨੇ ਦੱਸਿਆ ਕਿ ਕੁਝ ਦਰੱਖਤ ਟੇਢੇ ਹੋ ਗਏ ਸਨ। ਬੱਚਿਆਂ ਦੀ ਮੁਸ਼ਕਲ ਨੂੰ ਦੇਖਦਿਆਂ ਦਰਖਤ ਕੱਟੇ ਗਏ ਹਨ। ਜ਼ਿਲ੍ਹਾ ਸਿੱਖਿਆ ਅਫ਼ਸਰ ਸੰਗਰੂਰ ਬਲਜਿੰਦਰ ਕੌਰ ਨੇ ਦੱਸਿਆ ਕਿ ਸਕੂਲ ਮੁਖੀ ਵੱਲੋਂ ਦਰੱਖਤ ਕੱਟਣ ਸੰਬੰਧੀ ਫ਼ਾਈਲ ਦਫ਼ਤਰ ਨਹੀਂ ਭੇਜੀ ਗਈ। ਉਨ੍ਹਾਂ ਦੱਸਿਆ ਪੜਤਾਲ ਕਰਕੇ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਪਿੰਡ ਵਾਸੀ ਰਜਿੰਦਰ ਸਿੰਘ, ਗੁਰਜੰਟ ਸਿੰਘ,ਭੂਰਾ ਸਿੰਘ, ਗੁਰਪ੍ਰੀਤ ਸਿੰਘ, ਗੁਰਜਿੰਦਰ ਸਿੰਘ ਨੇ ਦੱਸਿਆ ਕਿ ਸਕੂਲ ਵਿੱਚ ਵੱਖ ਵੱਖ ਸੰਸਥਾਵਾਂ ਵੱਲੋਂ ਸਮੇਂ-ਸਮੇਂ ‘ਤੇ ਚਲਾਈਆਂ ਮੁਹਿੰਮਾਂ ਤਹਿਤ ਦਰੱਖਤ ਲਗਾਏ ਗਏ ਸਨ।