ਸੰਗਰੂਰ:
ਤਰਕਸ਼ੀਲ ਸੁਸਾਇਟੀ ਪੰਜਾਬ ਨੇ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਹਾਥਰਸ ਦੇ ਫੁਲਰਾਈ ਵਿੱਚ ਧਾਰਮਿਕ ਸਤਿਸੰਗ ਵਿੱਚ ਭਗਦੜ ਮਚਣ ਨਾਲ ਮਾਰੇ ਗਏ ਭੋਲੇ ਭਾਲੇ ਸ਼ਰਧਾਲੂਆਂ ਦੀਆਂ ਦੁੱਖਦਾਈ ਮੌਤ ਸਬੰਧੀ ਪਾਖੰਡੀ ਬਾਬੇ ਸੂਰਜ ਪਾਲ ਸਿੰਘ ਉਰਫ ਨਾਰਾਇਣ ਸਾਕਾਰ ਹਰੀ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਕੇਂਦਰ ਸਰਕਾਰ ਤੋਂ ਅੰਧ ਵਿਸ਼ਵਾਸ਼ ਫੈਲਾਉਣ ਵਾਲੇ ਅਜਿਹੇ ਡੇਰਿਆਂ ਉਤੇ ਤੁਰੰਤ ਸਖ਼ਤ ਰੋਕ ਲਾਉਣ ਲਈ ਮਹਾਂਰਾਸ਼ਟਰ ਵਾਂਗ ਪੂਰੇ ਮੁਲਕ ਵਿੱਚ ਕੌਮੀ ਪੱਧਰ ਤੇ ਪ੍ਰਭਾਵਸ਼ਾਲੀ ਇਕਸਾਰ ਅੰਧ ਵਿਸ਼ਵਾਸ਼ ਰੋਕੂ ਕਾਨੂੰਨ ਬਣਾ ਕੇ ਲਾਗੂ ਕਰਨ ਦੀ ਮੰਗ ਕੀਤੀ ਹੈ। ਇਸ ਮੌਕੇ ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਦੇ ਆਗੂਆਂ ਮਾਸਟਰ ਪਰਮਵੇਦ, ਸੁਰਿੰਦਰ ਪਾਲ, ਕ੍ਰਿਸ਼ਨ ਸਿੰਘ, ਸੀਤਾ ਰਾਮ ਬਾਲਦ ਕਲਾਂ ਤੇ ਗੁਰਦੀਪ ਸਿੰਘ ਲਹਿਰਾ, ਸੁਖਦੇਵ ਸਿੰਘ ਕਿਸ਼ਨਗੜ੍ਹ, ਲੈਕਚਰਾਰ ਜਸਦੇਵ ਸਿੰਘ ਪ੍ਰਗਟ ਸਿੰਘ ਬਾਲੀਆ, ਪ੍ਰਹਿਲਾਦ ਸਿੰਘ, ਹੇਮਰਾਜ, ਮਾਸਟਰ ਰਣਜੀਤ ਸਿੰਘ, ਕਰਤਾਰ ਸਿੰਘ ਤੇ ਸੁਖਵਿੰਦਰ ਸਿੰਘ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ