ਪੱਤਰ ਪ੍ਰੇਰਕ
ਮਾਨਸਾ, 5 ਜੁਲਾਈ
ਸੀਪੀਆਈ (ਐਮ) ਦੇ ਆਗੂਆਂ ਅਤੇ ਵਰਕਰਾਂ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਕੇਂਦਰ ਸਰਕਾਰ ਵੱਲੋਂ ਦੇਸ਼ ਭਰ ’ਚ ਪਹਿਲੀ ਜੁਲਾਈ ਤੋਂ ਲਾਗੂ ਕੀਤੇ ਨਵੇਂ ਤਿੰਨ ਫ਼ੌਜਦਾਰੀ ਕਾਨੂੰਨਾਂ ਰੱਦ ਕਰਨ ਲਈ ਕਾਪੀਆਂ ਸਾੜੀਆਂ ਅਤੇ ਮੋਦੀ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਉਪਰੰਤ ਦੇਸ਼ ਦੇ ਰਾਸ਼ਟਰਪਤੀ ਦੇ ਨਾਮ ਇੱਕ ਮੰਗ ਪੱਤਰ ਮਾਨਸਾ ਦੇ ਡਿਪਟੀ ਕਮਿਸ਼ਨਰ ਨੂੰ ਦਿੱਤਾ ਗਿਆ। ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਸੀਪੀਆਈ (ਐਮ) ਦੇ ਜ਼ਿਲ੍ਹਾ ਸਕੱਤਰ ਕਾਮਰੇਡ ਸਵਰਨਜੀਤ ਸਿੰਘ ਦਲਿਓ ਨੇ ਕਿਹਾ ਕਿ ਮੋਦੀ ਦੀ ਅਗਵਾਈ ਵਾਲੀ ਫਾਸ਼ੀਵਾਦੀ ਹਕੂਮਤ ਕਾਰਪੋਰੇਟਾਂ ਦੇ ਹਿੱਤਾਂ ਦੀ ਰਾਖੀ ਲਈ ਇਹ ਤਾਨਾਸ਼ਾਹ ਕਾਨੂੰਨ ਲਾਗੂ ਕਰਕੇ ਦੇਸ਼ ਨੂੰ ਖੁੱਲ੍ਹੀ ਜੇਲ੍ਹ ’ਚ ਬਦਲਣ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਨਵੇ ਕਾਨੂੰਨਾਂ ਦੀ ਆੜ੍ਹ ਵਿੱਚ ਆਪਣੇ ਜਮਹੂਰੀ ਹੱਕਾਂ ਹਕੂਕਾਂ ਲਈ ਲੜਨ ਵਾਲੇ ਆਗੂਆਂ ਅਤੇ ਕਾਰਕੁਨਾਂ ਨੂੰ ਦਬਾਇਆ ਜਾਵੇਗਾ। ਇਸ ਮੌਕੇ ਨਛੱਤਰ ਸਿੰਘ ਢੈਪਈ, ਜਸਵੰਤ ਸਿੰਘ ਬੀਰੋਕੇ, ਅਮਰਜੀਤ ਸਿੰਘ ਸਿੱਧੂ, ਅਵਤਾਰ ਸਿੰਘ ਛਾਪਿਆਂਵਾਲੀ, ਦਰਸ਼ਨ ਸਿੰਘ ਧਲੇਵਾਂ, ਸੁਰੇਸ਼ ਕੁਮਾਰ ਮਾਨਸਾ, ਘਨਸ਼ਾਮ ਨਿੱਕੂ ਵੀ ਮੌਜੂਦ ਸਨ।