ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ, 5 ਜੁਲਾਈ
ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਹਰਪ੍ਰੀਤ ਸਿੰਘ ਦੀਆਂ ਹਦਾਇਤਾਂ ’ਤੇ ਨਾਇਬ ਤਹਿਸੀਲਦਾਰ ਅੰਮ੍ਰਿਤਸਰ-1 ਮੁਕੇਸ਼ ਕੁਮਾਰ ਤੇ ਅਸਟੇਟ ਅਫ਼ਸਰ ਧਰਮਿੰਦਰਜੀਤ ਸਿੰਘ ਦੀ ਅਗਵਾਈ ਹੇਠ ਭੂਮੀ ਵਿਭਾਗ ਦੀ ਟੀਮ ਨੇ 6 ਕਨਾਲ 15 ਮਰਲੇ ਜ਼ਮੀਨ ਤੋਂ ਨਾਜਾਇਜ਼ ਕਬਜ਼ਾ ਛੁਡਾਵਾ ਕੇ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਜਾਣਕਾਰੀ ਅਨੁਸਾਰ ਕੋਟ ਖਾਲਸਾ ਨੇੜੇ ਪਿੰਡ ਵਡਾਲੀ ਗੁਰੂ ਦੀ ਜ਼ਮੀਨ ਜੋ ਕਿ ਨਗਰ ਨਿਗਮ ਅੰਮ੍ਰਿਤਸਰ ਦੀ ਜਾਇਦਾਦ ਹੈ, ਉਪਰ ਕੁੱਝ ਸ਼ਰਾਰਤੀ ਅਨਸਰਾਂ ਵਲੋਂ ਨਾਜਾਇਜ਼ ਕਬਜ਼ਾ ਕੀਤਾ ਹੋਇਆ ਸੀ। ਇਸ ਬਾਰੇ ਕਮਿਸ਼ਨਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਸ਼ਹਿਰ ਦੇ ਸਾਰੇ ਹਿੱਸਿਆਂ ਵਿੱਚ ਮਿਉਂਸਿਪਲ ਪ੍ਰਾਪਰਟੀ ਦੀ ਬਹੁਤਾਂਤ ਹੈ। ਜਿਸ ਦਾ ਰਿਕਾਰਡ ਲੈਂਡ ਵਿਭਾਗ ਵਲੋਂ ਪਟਵਾਰੀ ਦੀ ਮਦਦ ਨਾਲ ਸੰਭਾਲਿਆ ਗਿਆ ਹੈ।